ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ : ਸਿਆਸੀ ਪਾਰਟੀਆਂ ‘ਤੇ ਰੈਲੀਆਂ ‘ਚ ਬੱਚਿਆਂ ਦੀ ਵਰਤੋਂ ਕਰਨ ‘ਤੇ ਲਗਾਈ ਰੋਕ
Sanghol Times/ਚੰਡੀਗੜ੍ਹ/05 ਫਰਵਰੀ,2024(ਮਲਕੀਤ ਸਿੰਘ ਭਾਮੀਆਂ) :- ਲੋਕ ਸਭਾ ਚੋਣਾਂ ‘ਚ ਕੁੱਝ ਹੀ ਸਮਾਂ ਬਾਕੀ ਹੈ ਸਿਆਸੀ ਪਾਰਟੀਆਂ ਦੇ ਨਾਲ – ਨਾਲ ਚੋਣ ਕਮਿਸ਼ਨ ਨੇ ਵੀ ਇਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਿਆਸੀ ਪ੍ਰਚਾਰ ਅਤੇ ਰੈਲੀਆਂ ‘ਚ ਬੱਚਿਆਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਸਾਰੀਆਂ ਪਾਰਟੀਆਂ, ਉਮੀਦਵਾਰਾਂ ਅਤੇ ਚੋਣ ਕੰਮਾਂ ਵਿੱਚ ਲੱਗੇ ਲੋਕਾਂ ਅਤੇ ਮਸ਼ੀਨਰੀ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਚੋਣਾਂ ਨਾਲ ਸੰਬੰਧਤ ਕੰਮਾਂ ਅਤੇ ਪ੍ਰਚਾਰ ਗਤੀਵਿਧੀਆਂ ਵਿੱਚ ਬੱਚਿਆਂ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ। ਕਮਿਸ਼ਨ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਪੋਸਟਰ ਅਤੇ ਪੰਫਲੇਟ ਵੰਡਣ ਜਾਂ ਨਾਅਰੇ ਲਗਾਉਣ ਵਰਗੀਆਂ ਗਤੀਵਿਧੀਆਂ ਅਤੇ ਪ੍ਰਚਾਰ ਦੇ ਕੰਮਾਂ ਵਿੱਚ ਬੱਚਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇੰਨਾਂ ਹਦਾਇਤਾਂ ਵਿੱਚ ਬੱਚੇ ਨੂੰ ਗੋਦੀ ਵਿੱਚ ਬਿਠਾਉਣ, ਬੱਚੇ ਨੂੰ ਗੱਡੀ ਵਿੱਚ ਬਿਠਾ ਕੇ ਜਾਂ ਬੱਚੇ ਨੂੰ ਰੈਲੀਆਂ ਵਿੱਚ ਲਿਜਾਣ ਦੀ ਮਨਾਹੀ ਵੀ ਸ਼ਾਮਲ ਹੈ। ਚੋਣ ਕਮਿਸ਼ਨ ਨੇ ਅਪਣੇ ਬਿਆਨ ‘ਚ ਕਿਹਾ, “ਇਹ ਪਾਬੰਦੀ ਕਿਸੇ ਵੀ ਰੂਪ ‘ਚ ਸਿਆਸੀ ਪ੍ਰਚਾਰ ਲਈ ਬੱਚਿਆਂ ਦੀ ਵਰਤੋਂ ‘ਤੇ ਵੀ ਲਾਗੂ ਹੋਵੇਗੀ। ਚੋਣ ਕਮਿਸ਼ਨ ਨੇ ਸ਼ਪਸ਼ਟ ਕੀਤਾ ਹੈ ਕਿ ਕਿਸੇ ਸਿਆਸੀ ਆਗੂ ਦੀ ਨੇੜਤਾ ਵਿੱਚ ਬੱਚੇ ਨਾਲ ਉਸਦੇ ਮਾਤਾ – ਪਿਤਾ ਜਾਂ ਸਰਪ੍ਰਸਤ ਦੀ ਮੌਜੂਦਗੀ ਨੂੰ ਦਿਸ਼ਾ – ਨਿਰਦੇਸ਼ਾਂ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਸ਼ਰਤ ਇਹ ਹੈ ਕਿ ਬੱਚਾ ਸਿਆਸੀ ਪਾਰਟੀ ਦੀ ਕਿਸੇ ਵੀ ਚੋਣ ਪ੍ਰਚਾਰ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਚਾਈਲਡ ਲੇਬਰ ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ ਐਕਟ 1986 ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ।