ਸਰਕਾਰੀ ਸਕੂਲਾਂ ਅੰਦਰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਉਠਾਉਣ ਮਾਪੇ – ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਜਾਗਰੂਕਤਾ ਵੈਨ ਨੂੰ ਵਿਖਾਈ ਝੰਡੀ
Sanghol Times/ਅੰਮ੍ਰਿਤਸਰ/13 ਫ਼ਰਵਰੀ,2024(ਰਣਜੀਤ ਸਿੰਘ ਮਸੌਣ/ਮਨਜੀਤ ਰੰਧਾਵਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ “ਪੰਜਾਬ ਸਿੱਖਿਆ ਕ੍ਰਾਂਤੀ” ਦੇ ਨਾਂ ਹੇਠ ਨਵੇਂ ਸੈਸ਼ਨ ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਸ਼ੁਰੂ ਹੋਈ ’ਦਾਖ਼ਲਾ ਮੁਹਿੰਮ’ ਤਹਿਤ ਅੱਜ ਦੂਜੇ ਦਿਨ ਵੱਖ-ਵੱਖ ਖੇਤਰਾਂ ‘ਚ ਜਾਣ ਵਾਲੀ ਜਾਗਰੂਕਤਾ ਵੈਨ ਨੂੰ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਫੈਜ਼ਪੁਰਾ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਐਲੀਮੈਂਟਰੀ ਅਤੇ ਸੈਕੰਡਰੀ ਦੀ ਦੇਖ-ਰੇਖ ’ਚ ਸ਼ੁਰੂ ਹੋਈ ਇਸ ’ਦਾਖ਼ਲਾ ਮੁਹਿੰਮ’ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਵੱਜੋਂ ਪਹੁੰਚੇ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ, ਜਿਸ ਤਹਿਤ ਜਿੱਥੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਦਿੱਖ ਵਿੱਚ ਵੱਡਾ ਬਦਲਾਅ ਆਇਆ ਹੈ। ਉੱਥੇ ਹੀ ਵਿਦਿਆਰਥੀਆਂ ਨੂੰ ਹਰ ਪੱਖੋਂ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਣ-ਸਿਖਾਉਣ ਦੀਆਂ ਵੱਖ-ਵੱਖ ਆਧੁਨਿਕ ਤਕਨੀਕਾਂ ਦੀ ਵਰਤੋਂ ਵੀ ਅਮਲ ‘ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸਰਕਾਰੀ ਸਕੂਲਾਂ ਤੇ ਭਰੋਸਾ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਸਕੂਲਾਂ ਅੰਦਰ ਨਿੱਜੀ ਸਕੂਲਾਂ ਨਾਲੋਂ ਵੱਧ ਮਿਆਰੀ ਤੇ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ ਦੀ ਅਪੀਲ ਕੀਤੀ ਕਰਦਿਆਂ ਬੱਚਿਆਂ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਹੀ ਦੇਸ਼ ਅੰਦਰ ਮਿਹਨਤ ਕਰ ਕੇ ਅੱਗ ਵੱਧਣ ਲਈ ਪ੍ਰੇਰਿਤ ਕੀਤਾ।
ਜ਼ਿਕਰਯੋਗ ਹੈ ਕਿ ਦਾਖ਼ਲਾ ਮੁਹਿੰਮ ਤਹਿਤ ਰਵਾਨਾ ਹੋਈ, ਇਸ ਜਾਗਰੂਕਤਾ ਵੈਨ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਅੰਦਰ ਜਾ ਕੇ ਸਰਕਾਰੀ ਸਕੂਲਾਂ ਅੰਦਰ ਮਿਲਣ ਵਾਲੀਆਂ ਸਹੂਲਤਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੀ ਕਾਰਜ਼ਗੁਜਾਰੀ ਤੋਂ ਵੀ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਸਿੱਖਿਆ ਅਫ਼ਸਰ ਕੁਲਵੰਤ ਸਿੰਘ ਪੰਨੂ, ਏ.ਸੀ. ਸਮਾਰਟ ਸਕੂਲ ਮਨੀਸ਼ ਕੁਮਾਰ ਮੇਘ,ਰਜਿੰਦਰ ਸਿੰਘ, ਸੰਦੀਪ ਸਿਆਲ, ਪ੍ਰਿੰਸੀ: ਅਨੂ ਬੇਦੀ, ਰਵਿੰਦਰ ਰੰਧਾਵਾ, ਸੀ.ਐਚ.ਟੀ. ਮੋਨਿਕਾ ਰਾਣਾ, ਕੰਵਰ ਸਰਤਾਜ ਸਿੰਘ, ਸੁਰੇਸ਼ ਕੁਮਾਰ ਖੁੱਲਰ, ਐੱਚ.ਟੀ. ਹਰਦਿਆਲ ਸਿੰਘ, ਮੀਡੀਆ ਇੰਚਾਰਜ ਮਨਪ੍ਰੀਤ ਸਿੰਘ ਸੰਧੂ, ਕੁਲਦੀਪ ਸਿੰਘ ਤੋਲਾਨੰਗਲ, ਬਲਜੀਤ ਸਿੰਘ ਮੱਲੀ, ਯਾਦਵਿੰਦਰ ਸਿੰਘ, ਹਤਿੰਦਰ ਸਿੰਘ, ਮਲਕੀਤ ਸਿੰਘ ਵੱਲਾ,ਕੁਲਦੀਪ ਅਰੋੜਾ, ਜਗਦੀਪ ਕੌਰ ਮਾਨ,ਸ਼ਿਖਾ, ਸੋਨੀਆ,ਜਸਵਿੰਦਰ ਕੌਰ,ਧੰਤਾ ਦੇਵੀ, ਰਜਿੰਦਰ ਰੰਧਾਵਾ, ਰਾਜਵਿੰਦਰ ਕੌਰ, ਰਿਤਿਕਾ ਰਾਮਪਾਲ ਆਦਿ ਵੀ ਮੌਜੂਦ ਸਨ।
ਕੈਪਸ਼ਨ : ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਫੈਜ਼ਪੁਰਾ ਦੇ ਸਰਕਾਰੀ ਸਕੂਲ ਤੋਂ “ਪੰਜਾਬ ਸਿੱਖਿਆ ਕ੍ਰਾਂਤੀ”ਦੇ ਨਾਂ ਹੇਠਲੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ।
===—