ਰੋਡਵੇਜ਼ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੰਡਕਟਰ ਲਾ ਰਹੇ ਵਿਭਾਗ ਨੂੰ ਚੂਨਾ – ਇੰਸਪੈਕਟਰ ਸਟਾਫ਼
ਚੈਕਿੰਗ ਸਟਾਫ ਨੂੰ ਅਧਿਕਾਰੀਆਂ ਵੱਲੋਂ ਰਿਪੋਰਟ ਕਰਨ ਤੇ ਮਿਲਦੀਆਂ ਧਮਕੀਆਂ
ਸੰਘੋਲਟਾਇਮਜ਼/ਜਲੰਧਰ/5ਜੂਨ,2012(ਜੇ.ਐੱਸ.ਸੋਢੀ) – ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਰੋਡਵੇਜ਼ ਅੰਮ੍ਰਿਤਸਰ -1 ਦੇ ਸਬ ਇੰਸਪੈਕਟਰ ਕੰਵਲਜੀਤ ਸਿੰਘ , ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਕੋਲੋਂ ਤਨਖ਼ਾਹ ਲੈਂਦੇ ਹਾਂ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਹਾਂ । 27 ਮਈ ਨੂੰ ਸਟੇਸ਼ਨ ਸੁਪਰਵਾਈਜ਼ਰ ਸ੍ਰੀ ਅਨਿਲ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਆਪਣੇ ਡਿੱਪੂ ਦੀ ਬੱਸ ਅੰਮ੍ਰਿਤਸਰ – ਸ਼ਿਮਲਾ ਵਿਖੇ ਅੰਤਮ ਮੁਕਾਮ ਤੇ ਚੈੱਕ ਕਰਨੀ ਸੀ । ਜਦੋਂ ਅਸੀਂ ਗਏ ਤਾਂ ਸ਼ਿਮਲਾ ਤੋਂ 3 ਕਿਲੋਮੀਟਰ ਪਹਿਲਾਂ ਤਾਰਾਂਵਾਲੀ ਅੱਡੇ ਤੇ ਅਸੀਂ ਕੰਡਕਟਰ ਨੂੰ ਚੰਡੀਗੜ੍ਹ ਤੋਂ ਸ਼ਿਮਲਾ ਦੋ ਟਿਕਟਾਂ ਨਾ ਦੇਣ ਕਰਕੇ ਫੜ ਲਿਆ , ਜਿਨ੍ਹਾਂ ਕੋਲੇ ਕੰਡਕਟਰ ਨੇ ਪੈਸੇ ਤਾਂ ਲਏ ਸੀ ਪਰ ਟਿਕਟਾਂ ਨਹੀਂ ਦਿੱਤੀਆਂ । ਅਸੀਂ ਕੰਡਕਟਰ ਦੀ ਰਿਪੋਰਟ ਕਰ ਦਿੱਤੀ । ਪਹਿਲਾਂ ਤਾਂ ਅੰਮ੍ਰਿਤਪਾਲ ਸਿੰਘ ਕੰਡਕਟਰ ਮਿੰਨਤਾਂ ਤਰਲੇ ਕਰਦਾ ਰਿਹਾ ਤੇ ਜਦੋਂ ਬੱਸ ਖਾਲੀ ਹੋ ਗਈ ਤਾਂ ਕੰਡਕਟਰ ਸਾਡੇ ਉੱਪਰ ਹਜ਼ਾਰ ਰੁਪਏ ਮੰਗਣ ਦਾ ਦੋਸ਼ ਲਗਾਉਣ ਲੱਗ ਪਿਆ ਤੇ ਫੇਸਬੁੱਕ ਤੇ ਲਾਈਵ ਹੋ ਗਿਆ । ਜਿੱਥੇ ਬੱਸ ਚੈੱਕ ਕੀਤੀ ਅਸੀਂ ਉੱਥੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਬੂਤ ਵਜੋਂ ਲੈ ਲਈ । ਹੁਣ ਸਾਡੇ ਉੱਪਰ ਅਫ਼ਸਰਾਂ ਵੱਲੋਂ ਕੰਡਕਟਰ ਨੂੰ ਬਚਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ । ਇਸ ਕੰਡਕਟਰ ਵੱਲੋਂ ਕੀਤੀ ਜਾਂਚ ਵਿੱਚ ਹੇਰਾ ਫੇਰੀ ਪਹਿਲਾਂ ਹੀ ਕਾਫੀ ਚਰਚਾ ਵਿੱਚ ਹੈ ਤੇ ਇਸ ਦੀ ਉੱਪਰ ਤੱਕ ਪਹੁੰਚ ਹੋਣ ਕਾਰਨ ਇਸ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ । ਇਸ ਦੀ ਜਾਂਚ ਪੰਜਾਬ ਰੋਡਵੇਜ਼ ਅੰਮ੍ਰਿਤਸਰ – 2 ਦੇ ਜਨਰਲ ਮੈਨੇਜਰ ਸ. ਹਰਗੁਰਵਿੰਦਰ ਸਿੰਘ ਗਿੱਲ ਕਰ ਰਹੇ ਹਨ । ਸਾਨੂੰ ਸ਼ੱਕ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਦਬਾਅ ਕਾਰਨ ਸਟੇਸ਼ਨ ਸੁਪਰਵਾਈਜ਼ਰ ਅਨਿਲ ਕੁਮਾਰ ਵੀ ਸਾਡੀ ਡਿਊਟੀ ਬਾਰੇ ਮੁੱਕਰ ਸਕਦੇ ਹਨ ਤੇ ਕੰਡਕਟਰ ਦੀ ਉੱਚ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕੰਡਕਟਰ ਵੀ ਮੁਅੱਤਲ ਹੋਣ ਦੀ ਬਜਾਏ ਡਿਊਟੀ ਉੱਪਰ ਦੁਬਾਰਾ ਆ ਸਕਦਾ ਹੈ । ਸਾਨੂੰ ਸ਼ੱਕ ਹੈ ਕਿ ਭ੍ਰਿਸ਼ਟਾਚਾਰੀ ਅਧਿਕਾਰੀ ਸਾਡੇ ਖ਼ਿਲਾਫ਼ ਵੀ ਕੋਈ ਇਨਕੁਆਰੀ ਖੋਲ੍ਹ ਸਕਦੇ ਹਨ । ਸਾਡੀ ਮੰਗ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਕੰਡਕਟਰ ਡਰਾਈਵਰ ਜਿਸ ਨੇ ਮੌਕੇ ਤੇ ਬਸ ਭਜਾਈ ਅਤੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਨੂੰ ਨੰਗਾ ਕਰਨ ਲਈ ਇਹ ਜਾਂਚ ਕਿਸੇ ਆਈ.ਏ.ਐਸ. ਅਫ਼ਸਰ ਤੋਂ ਕਰਵਾਈ ਜਾਵੇ । ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਵੇ । ਇਸ ਮੌਕੇ ਉਨ੍ਹਾਂ ਨਾਲ ਜਲੰਧਰ -2 ਦੇ ਇੰਸਪੈਕਟਰ ਇੰਦਰਜੀਤ ਨੂਰਪੁਰੀ , ਸੁਖਦੇਵ ਸਿੰਘ ਸਬ ਇੰਸਪੈਕਟਰ , ਰਣਜੀਤ ਸਿੰਘ ਸਬ ਇੰਸਪੈਕਟਰ , ਅਮਰੀਕ ਸਿੰਘ ਸਾਬਕਾ ਇੰਸਪੈਕਟਰ , ਪਰਮਜੀਤ ਸਿੰਘ ਸਾਬਕਾ ਸਬ ਇੰਸਪੈਕਟਰ ਮੌਜੂਦ ਸਨ । ਜਦ ਇਸ ਸਬੰਧੀ ਸਟੇਸ਼ਨ ਸੁਪਰਵਾਈਜ਼ਰ ਅਨਿਲ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਸੁਣਿਆ ।