ਲੀਗਲ ਐਕਸ਼ਨ ਏਡ ਨੇ ਪਾਣੀ ਦੀ ਸਾਂਭ ਸੰਭਾਲ ਨੂੰ ਲੈ ਕੇ ਬਣਾਈ ਡਾਕੂਮੈਂਟਰੀ ਫਿਲਮ
“ਜਲ ਹੈ ਤੋ ਕੱਲ ਹੈ” ਡਾਕੂਮੈਂਟਰੀ ਰਿਲੀਜ ਕਰਕੇ ਸਮਾਜ ਨੂੰ ਦਿੱਤਾ ਸੁਨੇਹਾ ਤੇ ਸੇਧ-ਸ਼ਰਤ ਵਸ਼ਿਸ਼ਟ
ਅੰਮ੍ਰਿਤਸਰ/SANGHOL-TIMES/(ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ)- ਸਮੁੱਚੇ ਦੇਸ਼ ਦੇ ਲਈ ਵੱਡੀ ਸਮੱਸਿਆ ਤੇ ਸਿਰ ਦਰਦੀ ਬਣ ਚੁੱਕੇ ਪਾਣੀ ਦੇ ਦੁਰਉਪਯੋਗ ਨੂੰ ਲੈ ਕੇ ਸੂਬੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਲੀਗਲ ਐਕਸ਼ਨ ਏਡ ਵੈਲਫ਼ੇਅਰ ਐਸੋਸੀਏਸ਼ਨ ਦੇ ਵੱਲੋਂ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਦੇਸ਼ ਦੇ ਦਿਹਾਤੀ ਖੇਤਰ ਦਾ ਵੱਡਾ ਹਿੱਸਾ ਪਾਣੀ ਦੇ ਗੈਰ ਇਸਤੇਮਾਲ ਨੂੰ ਲੈ ਕੇ ਹਾਸ਼ੀਏ ਤੇ ਹੈ। ਆਲਮ ਇਹ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਨੀਵਾਂ ਹੋ ਚੁੱਕਾ ਹੈ। ਪਾਣੀ ਦੀ ਸਾਂਭ ਸੰਭਾਲ ਤੇ ਇਸ ਨੂੰ ਸੰਯਮ ਦੇ ਨਾਲ ਵਰਤਣ ਅਤੇ ਦੁਰਉਪਯੋਗ ਨੂੰ ਰੋਕਣ ਵਾਸਤੇ ਲੀਗਲ ਐਕਸ਼ਨ ਏਡ ਵੈਲਫ਼ੇਅਰ ਐਸੋਸੀਏਸ਼ਨ ਦੇ ਵੱਲੋਂ ਰਾਸ਼ਟਰੀ ਪ੍ਰਧਾਨ ਸ਼ਰਤ ਵਸ਼ਿਸ਼ਟ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ 17 ਮਿੰਟ ਦੀ ਡਾਕੂਮੈਂਟਰੀ ਫ਼ਿਲਮ “ਜਲ ਹੈ ਤੋ ਕੱਲ ਹੈ” ਦਾ ਨਿਰਮਾਣ ਕਰਵਾ ਕੇ ਅੱਜ ਰਸਮੀ ਤੌਰ ਤੇ ਫ਼ਿਲਮ ਦਾ ਪੋਸਟਰ ਰਿਲੀਜ਼ ਕਰਨ ਤੇ ਪ੍ਰਦਰਸ਼ਨ ਕਰਨ ਦਾ ਸ਼ੁੱਭਾਰੰਭ ਡੀਏਵੀ ਪਬਲਿਕ ਸਕੂਲ ਲਾਰੇਂਸ ਰੋਡ ਵਿਖੇ ਮਾਨਯੋਗ ਜੱਜ ਸ੍ਰੀ ਰਸਪਾਲ ਸਿੰਘ ਦੁਆਰਾ ਜਾਰੀ ਕੀਤਾ ਗਿਆ। ਜਿਸ ਦੀ ਰਸਮ ਰਾਸ਼ਟਰੀ ਪ੍ਰਧਾਨ ਸ਼ਰਤ ਵਸ਼ਿਸ਼ਟ ਅਤੇ ਮੇਜ਼ਬਾਨ ਸਕੂਲ ਪ੍ਰਬੰਧਕੀ ਕਮੇਟੀ ਦੀ ਪ੍ਰਿੰਸੀਪਲ ਡਾਕਟਰ ਪਲੱਵੀ ਸੇਠੀ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾਕਟਰ ਪਲੱਵੀ ਸੇਠੀ ਨੇ ਮੁੱਖ ਮਹਿਮਾਨ ਸਮੇਤ ਆਈਆਂ ਸ਼ਖਸ਼ੀਅਤਾਂ ਨੂੰ ਜੀ ਆਇਆ ਨੂੰ ਆਖਦਿਆਂ ਧੰਨਵਾਦ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰੀ ਪ੍ਰਧਾਨ ਸ਼ਰਤ ਵਸ਼ਿਸ਼ਟ ਨੇ ਕਿਹਾ ਕਿ ਪਾਣੀ ਦੀ ਕਿੱਲਤ ਤੇ ਦੁਰਉਪਯੋਗ ਦੇ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਕੁਦਰਤੀਂ ਤੇ ਗੈਰ ਕੁਦਰਤੀਂ ਸੋਮਿਆਂ ਦੇ ਨਾਲ ਮਨੁੱਖੀ ਜੀਵਨ ਦੇ ਵਿੱਚ ਅਹਿਮ ਭੂਮਿਕਾ ਬਣਾ ਚੁੱਕੇ ਪਾਣੀ ਨੂੰ ਅਗਰ ਨਾ ਸੰਭਾਲਿਆ ਗਿਆ ਤਾਂ ਇਸ ਦਾ ਖਾਮਿਆਜ਼ਾ ਆਉਣ ਵਾਲੀਆਂ ਪੀੜ੍ਹੀਆ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਪਾਣੀ ਦੇ ਦੁਰਉਪਯੋਗ ਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਨਤੀਜਣ ਪੀਣ ਵਾਲਾ ਪਾਣੀ ਬੋਤਲਾਂ ਤੇ ਗਿਲਾਸਾ ਵਿੱਚ ਵਿਕਣਾ ਸ਼ੁਰੂ ਹੋ ਗਿਆ ਹੈ। ਲੀਗਲ ਐਕਸ਼ਨ ਏਡ ਵੈਲਫ਼ੇਅਰ ਐਸੋਸੀਏਸ਼ਨ ਦੇ ਵੱਲੋਂ ਇਸ ਦੀ ਰੋਕਥਾਮ ਦੇ ਲਈ ਪ੍ਰਚਾਰ ਤੇ ਪ੍ਰਸਾਰ ਦਾ ਜੋ ਸਾਧਨ ਚੁਣਿਆ ਗਿਆ ਹੈ, ਉਹ ਮਿਸਾਲੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਡਾਕੂਮੈਂਟਰੀ “ਜਲ ਹੈ ਤੋਂ ਕੱਲ ਹੈ” ਤੋਂ ਪ੍ਰੇਰਨਾ ਲੈਣ ਦੀ ਸਿੱਖਿਆ ਦਿੰਦਿਆਂ ਕਿਹਾ ਕਿ ਪਾਣੀ ਦੇ ਬਚਾਅ ਲਈ ਅੱਜ ਤੋਂ ਹੀ ਕੀਤੇ ਜਾਣ ਵਾਲੇ ਯਤਨਾਂ ਦੀ ਵਚਨਬੱਧਤਾ ਦੁਹਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਕੂਲ ਦੇ 1000 ਦੇ ਕਰੀਬ ਵਿਦਿਆਰਥੀਆਂ ਦੇ ਵੱਲੋਂ ਡਾਕੂਮੈਂਟਰੀ ਵੇਖੇ ਜਾਣ ਤੇ ਖੁਸ਼ੀ ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਰਾਸ਼ਟਰੀ ਪ੍ਰਧਾਨ ਸ਼ਰਤ ਵਸ਼ਿਸ਼ਟ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਡਾਕੂਮੈਂਟਰੀ ਨੂੰ ਹੋਰਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਦਿਖਾਇਆ ਜਾਵੇਗਾ ਤੇ ਇਸ ਸਿਲਸਿਲੇ ਨੂੰ ਰਾਜ ਤੇ ਕੌਮੀ ਪੱਧਰ ਤੇ ਉਤਸ਼ਾਹਿਤ ਤੇ ਪ੍ਰਫੁੱਲਤ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਜੀਐਸ ਸੰਧੂ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਇਸ ਮੌਕੇ ਕੌਮੀ ਸਲਾਹਕਾਰ ਰਜਿੰਦਰ ਸਾਹਨੀ, ਕੌਮੀ ਸਕੱਤਰ ਐਡਵੋਕੇਟ ਸੰਜੀਤ ਸਿੰਘ, ਜੁਆਇੰਟ ਸੈਕਟਰੀ ਪੰਜਾਬ ਪੂਨਮ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਚਿਨ ਭਾਟੀਆ, ਜੀਐਸ ਸੰਧੂ, ਪ੍ਰੋ਼. ਸੁਨੀਲ ਸੱਚਦੇਵਾ, ਇਸਲਾਮ ਸ਼ਾਹ ਅਤੇ ਸਕੂਲ ਅਧਿਆਪਕ ਆਦਿ ਹਾਜ਼ਰ ਸਨ।
