1984 ‘ਚ ਹਰਮਿੰਦਰ ਸਾਹਿਬ ‘ਤੇ ਫੋਜੀ ਕਾਰਵਾਈ ਗਲਤ ਸੀ, ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ/SANGHOL-TIMES/13 ਸਤੰਬਰ,3024(ਮਲਕੀਤ ਸਿੰਘ ਭਾਮੀਆਂ) – ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ 1984 ‘ਚ ਹਰਮਿੰਦਰ ਸਾਹਿਬ ‘ਤੇ ਕੀਤੀ ਗਈ ਫੋਜੀ ਕਾਰਵਾਈ ਗਲਤ ਸੀ ਅਤੇ ਉਨ੍ਹਾਂ ਦੀ ਪਾਰਟੀ ਇਸ ਲਈ ਮੁਆਫ਼ੀ ਵੀ ਮੰਗ ਚੁੱਕੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਸ ਸਮੇਂ ਭਾਜਪਾ ਅਤੇ ਆਰਐਸਐਸ ਨੇ ਹਰਿਮੰਦਰ ਸਾਹਿਬ ‘ਤੇ ਹਮਲੇ ਲਈ ਫੋਜ ਭੇਜਣ ਦਾ ਦਬਾਅ ਪਾਇਆ ਸੀ। ਚਰਨਜੀਤ ਸਿੰਘ ਚੰਨੀ ਨੇ ਇਹ ਟਿੱਪਣੀ ਪੱਤਰਕਾਰਾਂ ਵੱਲੋ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੇ ਕੇਸ ਨਾਲ ਸੰਬੰਧ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕੀਤੀ। ਇਹ ਪੁੱਛੇ ਜਾਣ ‘ਤੇ ਕਾਂਗਰਸ ਨੇ ਅੱਜੇ ਤੱਕ ਟਾਈਟਲਰ ਨੂੰ ਪਾਰਟੀ ਚੋ ਕਿਉਂ ਨਹੀਂ ਕੱਢਿਆ, ਚੰਨੀ ਨੇ ਕਿਹਾ, “ਕਾਂਗਰਸ ਨੇ ਸਿੱਖ ਵਿਰੋਧੀ ਦੰਗਿਆਂ ਅਤੇ ਸ਼੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਲਈ ਇਕ ਵਾਰ ਨਹੀਂ, ਕਈ ਵਾਰ ਮੁਆਫੀ ਮੰਗੀ ਹੈ। ਸ਼੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਗਲਤ ਸੀ, ਕਾਂਗਰਸ ਨੇ ਵੀ ਇਸਨੂੰ ਸਵੀਕਾਰ ਕਰ ਲਿਆ ਹੈ।” ਉਨ੍ਹਾਂ ਸਵਾਲ ਕੀਤਾ ਕਿ ਭਾਜਪਾ 10 ਸਾਲ ਸੱਤਾ ‘ਚ ਰਹਿਣ ਦੇ ਬਾਵਜੂਦ ਦੰਗਿਆਂ ਲਈ ਜਿੰਮੇਵਾਰ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦੇ ਸਕੀ ? ਇਸ ਦੌਰਾਨ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਦਿੱਲੀ ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹਾ ਰਾਹੀਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਧਮਕਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਹੇਠਲੇ ਸਦਨ ਵਿੱਚ ਚੁਣੇ ਹੋਏ ਨੁਮਾਇੰਦੇ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਧਮਕਾਉਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨਾਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।
ਹਾਲਾਂਕਿ ਭਾਜਪਾ ਉਸ ਖਿਲਾਫ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਹਰਦੀਪ ਸਿੰਘ ਪੁਰੀ ਅਤੇ ਇਕਬਾਲ ਸਿੰਘ ਲਾਲਪੁਰਾ ਸਮੇਤ ਭਾਜਪਾ ਆਗੂਆਂ ‘ਤੇ ਉਂਗਲ ਉਠਾਉਂਦਿਆਂ ਕਿਹਾ ਕਿ ਜਦੋਂ ਪ੍ਰਦਰਸ਼ਨਕਾਰੀ ਸਿੱਖ ਕਿਸਾਨਾਂ ਨੂੰ ਖਾਲਿਸਤਾਨੀ ਅਤਿਵਾਦੀ ਕਹਿ ਕੇ ਬਦਨਾਮ ਕੀਤਾ ਗਿਆ ਤਾਂ ਉਨ੍ਹਾਂ ਨੇ ਇਕ ਸ਼ਬਦ ਵੀ ਕਿਉਂ ਨਹੀਂ ਬੋਲਿਆ। ਰਾਹੁਲ ਗਾਂਧੀ ਦੇ ਬਿਆਨ ਦੀ ਹਮਾਇਤ ‘ਚ ! ਪ੍ਰਤਾਪ ਸਿੰਘ ਬਾਜਵਾ ਨੇ ਅਮਰੀਕਾ ਵਿਚ ਰਾਹੁਲ ਗਾਂਧੀ ਦੇ ਭਾਸ਼ਣ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਵੀ ਕੇਂਦਰ ਦੀ ਭਾਜਪਾ ਸਰਕਾਰ ਦਲਿਤਾਂ, ਘੱਟ ਗਿਣਤੀਆਂ ਜਾਂ ਹੋਰ ਕਮਜ਼ੋਰ ਵਰਗਾਂ ਸਮੇਤ ਸਮਾਜ ਦੇ ਕਿਸੇ ਵੀ ਵਰਗ ਨਾਲ ਬੇਇਨਸਾਫੀ ਕਰਨ ਦੀ ਹਿੰਮਤ ਕਰੇਗੀ ਤਾਂ ਕਾਂਗਰਸ ਪਾਰਟੀ ਇੰਨਾਂ ਲੋਕਾਂ ਨਾਲ ਡਟ ਕੇ ਖੜ੍ਹੀ ਹੋਵੇਗੀ। ਦੇਸ਼ ‘ਚ ਇਸ ਸਮੇਂ ਹਾਲਾਤ ਅਜਿਹੇ ਹਨ ਕਿ ਲੋਕਾਂ ਨੂੰ ਭਾਸ਼ਾ, ਧਰਮ ਅਤੇ ਜਾਤ ਦੇ ਅਧਾਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ ਨੇ ਕਿਹਾ ਕਿ ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹਾ ਨੂੰ ਸੋਚ ਸਮਝ ਕੇ ਬੈਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਰਵਾਹਾ ਨੂੰ ਇਕ ਵਾਰ ਔਰਤਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਇਹ ਭਾਜਪਾ ਆਗੂ ਮੂੜ ਗਲਤ ਬਿਆਨ ਦੇਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਮਰਵਾਹਾ ਚੋੰ ਇੱਕ ਸਾਜਿਸ਼ ਬੋਲ ਰਹੀ ਹੈ।