
ਪੰਜਾਬ ਦਾ ਸੱਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ ! ਫਰੀ ਲੰਘਣਗੇ 70 ਹਜ਼ਾਰ ਤੋਂ ਵੱਧ ਵਾਹਨ
ਲੁਧਿਆਣਾ/Sanghol-Times/27 ਸਤੰਬਰ ( ਮਲਕੀਤ ਸਿੰਘ ਭਾਮੀਆਂ) – ਪੰਜਾਬ ਦਾ ਸੱਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਯਾਨੀ ਕਿ ਸ਼ੁੱਕਰਵਾਰ ਤੋਂ ਇੱਕ ਵਾਰ ਫਿਰ ਤੋਂ ਬੰਦ ਹੋ ਗਿਆ ਹੈ। ਇਸ ਟੋਲ ਪਲਾਜ਼ਾ ਤੋਂ ਇੱਕ ਦਿਨ ਵਿੱਚ 70 ਹਜ਼ਾਰ ਤੋਂ ਵੱਧ ਵਾਹਨ ਰੋਜ਼ਾਨਾ ਲੰਘਦੇ ਹਨ। ਇਸ ਟੋਲ ਪਲਾਜ਼ਾ ਦੀ ਰੋਜ਼ਾਨਾ ਕਮਾਈ 70 ਲੱਖ ਰੁਪਏ ਦੇ ਕਰੀਬ ਹੈ। ਟੋਲ ਪਲਾਜ਼ਾ ਅੱਜ ਸਵੇਰੇ ਤੋਂ ਹੀ ਬੰਦ ਹੋ ਗਿਆ ਹੈ। ਇਸ ਲਈ ਲੋਕਾਂ ਨੂੰ ਉਥੋਂ ਲੰਘਣ ਲਈ ਕੁੱਝ ਵੀ ਨਹੀਂ ਦੇਣਾ ਪੈ ਰਿਹਾ ਹੈ। ਇਹ ਫੈਸਲਾ ਟੋਲ ਪਲਾਜ਼ਾ ਵਲਕਰਜ਼ ਯੂਨੀਅਨ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ , ਜਿਸ ਕਾਰਨ ਅਸੀਂ ਇਹ ਫੈਸਲਾ ਲਿਆ ਹੈ। ਬੀਤੇ ਦਿਨ ਦਰਸ਼ਨ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਕਈ ਮਹੀਨਿਆਂ ਤੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਤੱਕ ਉਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ। ਕੰਪਨੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਜਿਸ ਕਾਰਨ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਕਿ 27 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਬੰਦ ਰਹੇਂਗਾ ‘ਤੇ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ। ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੋਲ ਪਲਾਜ਼ਾ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਸਰਕਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ ਹੈ, ਨਾ ਹੀ ਉਨ੍ਹਾਂ ਦਾ ਪੀਐਫ ਕੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਕੰਪਨੀ ਟੋਲ ਮੁਲਾਜ਼ਮਾਂ ਨੂੰ ਕੋਈ ਈਐਮਆਈ ਤੋਂ ਭਲਾਈ ਸਕੀਮਾਂ ਮੁਹੱਈਆ ਨਹੀਂ ਕਰਵਾ ਰਹੀ ਹੈ। ਇਹ ਮੁਲਾਜ਼ਮਾਂ ਦੇ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ।