ਟੈਂਡਰ ਘੁਟਾਲਾ ਮਾਮਲੇ ‘ਚ ਈਡੀ ਦੀ ਕਾਰਵਾਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ 22,78 ਕਰੋੜ ਰੁਪਏ ਦੀ ਪ੍ਰੋਪਰਟੀ ਕੀਤੀ ਜ਼ਬਤ
ਜਲੰਧਰ/Sanghol-Times/27 ਸਤੰਬਰ,2024(ਮਲਕੀਤ ਸਿੰਘ ਭਾਮੀਆਂ)- ਈਡੀ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਦਰਜ ਘਪਲੇ ਦੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੰਜਾਬ ‘ਚ ਵੱਖ – ਵੱਖ ਥਾਵਾਂ ‘ਤੇ ਕਈ ਲੋਕਾਂ ਦੀਆਂ 22,78 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਹ ਕਾਰਵਾਈ ਟੈਂਡਰ ਘਪਲੇ ਵਿੱਚ ਕੀਤੀ ਗਈ ਹੈ। ਈਡੀ ਵੱਲੋ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਵਿੱਚ ਸ਼ਾਮਿਲ ਵਿਆਕਤੀਆਂ ਦੀ ਕੁਰਕ ਕੀਤੀਆਂ ਜਾਇਦਾਦਾਂ ਵਿੱਚ ਲੁਧਿਆਣਾ, ਮੋਹਾਲੀ, ਖੰਨਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਿਤ ਅੱਚਲ ਜਾਇਦਾਦਾਂ ਅਤੇ ਐਫਡੀਆਰ ਦੇ ਰੂਪ ਵਿੱਚ ਸੋਨੇ ਦੇ ਗਹਿਣੇ, ਸ਼ਰਾਫਾ ਅਤੇ ਬੈਂਕ ਖਾਤੇ ਸ਼ਾਮਿਲ ਹਨ। ਈਡੀ ਵੱਲੋ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘੁਟਾਲੇ ਦੇ ਸਮੇਂ ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵਿੱਚ ਕੈਬਨਿਟ ਮੰਤਰੀ ਸੀ। ਈਡੀ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਟੈਂਡਰ ਘੁਟਾਲੇ ਨਾਲ ਸੰਬੰਧਤ ਆਈਪੀਸੀ, 1860 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੀਆਂ ਵੱਖ – ਵੱਖ ਧਰਾਵਾਂ ਤਹਿਤ ਵਿਜੀਲੈਂਸ ਬਿਊਰੋ, ਪੰਜਾਬ ਵੱਲੋ ਦਰਜ ਕੀਤੀਆਂ ਵੱਖ – ਵੱਖ ਐਫਆਈਆਰਜ਼ ਦੇ ਅਧਾਰ ਤੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਟੈਂਡਰ ਫੰਡ ਵਿੱਚ ਚੋਣਵੇਂ ਠੇਕੇਦਾਰਾਂ ਦਾ ਪੱਖ ਪੂਰਿਆ ਅਤੇ ਉਨ੍ਹਾਂ ਨੂੰ ਹੋਰ ਲਾਭ ਦੇਣ ਦਾ ਵਾਅਦਾ ਕੀਤਾ। ਜਿਸ ਕਾਰਨ ਰਾਜਦੀਪ ਸਿੰਘ ਨਾਗਰਾ, ਰਾਕੇਸ਼ ਕੁਮਾਰ ਸਿੰਗਲਾ ਅਤੇ ਪੰਜਾਬ ਖੁਰਾਕ ‘ਤੇ ਸਿਵਲ ਸਪਲਾਈ ਵਿਭਾਗ ਦੇ ਕੁੱਝ ਸਰਕਾਰੀ ਅਧਿਕਾਰੀਆਂ ਸਮੇਤ ਹੋਰ ਵਿਆਕਤੀਆਂ ਤੋਂ ਰਿਸ਼ਵਤ ਲਈ ਗਈ ਸੀ। ਰਿਸ਼ਵਤ ਦੇ ਪੈਸੇ ਨੂੰ ਫਰਜ਼ੀ ਸੰਸਥਾਵਾਂ ਦੇ ਨੈਟਵਰਕ ਦੀ ਵਰਤੋਂ ਕਰਕੇ ਚੱਲ ਅਤੇ ਅੱਚਲ ਜਾਇਦਾਦਾਂ ਦੀ ਖਰੀਦ ਲਈ ਮੋੜਿਆ ਗਿਆ ਸੀ।
