ਪੰਜਾਬ ‘ਚ ਚੋਣਾਂ ਦੇ ਮੱਦੇਨਜ਼ਰ ਐਕਸ਼ਨ ਮੋਡ ‘ਚ ਡੀਜੀਪੀ ਗੌਰਵ ਯਾਦਵ, ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਚੰਡੀਗੜ੍ਹ/ਸੰਗਰੂਰ/SANGHOL-TIMES/13 ਅਕਤੂਬਰ,2024 :- ( ਮਲਕੀਤ ਸਿੰਘ ਭਾਮੀਆਂ) – ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸੰਗਰੂਰ ਦੌਰੇ ਦੌਰਾਨ ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮਲੇਰਕੋਟਲਾ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸ਼ਪੱਸਟ ਕੀਤਾ ਹੈ ਕਿ ਛੋਟੇ – ਮੋਟੇ ਅਪਰਾਧਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਐਫਆਈਆਰ ਦਰਜ ਕਰਨ ਵਿੱਚ ਕਿਸੇ ਵੀ ਅਣਗਹਿਲੀ ਲਈ ਸੰਬੰਧਤ ਅਧਿਕਾਰੀ ਜਿੰਮੇਵਾਰ ਹੋਣਗੇ। ਰਾਜ ਵਿੱਚ ਪੰਚਾਇਤੀ ਚੋਣ ਪ੍ਰਚਾਰ ਅੱਜ ਸ਼ਾਮ 5 ਵਜ੍ਹੇ ਰੁੱਕ ਜਾਵੇਗਾ। 15 ਅਕਤੂਬਰ ਨੂੰ ਸਵੇਰੇ 8 ਵੱਜੇ 13 ਹਜ਼ਾਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ। ਚੋਣ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ। ਚੋਣ ਮੈਦਾਨ ‘ਚ ਸਰਪੰਚੀ ਲਈ 25,588 ‘ਤੇ ਪੰਚ ਲਈ 80,598 ਉਮੀਦਵਾਰ ਹਨ। ਚੋਣਾਂ ਸ਼ਾਤੀ ਪੂਰਵਕ ਕਰਵਾਉਣਾ ਪੁਲਿਸ ਅਤੇ ਪ੍ਰਸ਼ਾਸ਼ਨ ਲਈ ਵੱਡੀ ਚਣੌਤੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਸਮੇਂ ਸਾਡਾ ਉਦੇਸ਼ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣਾ ਹੈ, ਇਸ ਲਈ ਇਲਾਕੇ ਵਿੱਚ ਨਾਕਾਬੰਦੀ ਕੀਤੀ ਜਾਵੇ। ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਦਿਖਾਈ ਦੇਣੀ ਚਾਹੀਦੀ ਹੈ। ਜੇਕਰ ਕਿਸੇ ਥਾਂ ‘ਤੇ ਕੋਈ ਲੜਾਈ – ਝਗੜਾ ਹੁੰਦਾ ਹੈ ਤਾਂ ਪੁਲਿਸ ਤੁਰੰਤ ਪਹੁੰਚ ਜਾਵੇ। ਇੰਨਾਂ ਸਾਰੇ ਕੰਮਾਂ ਲਈ ਪੁਲਿਸ ਵਿੱਚ ਰਿਜ਼ਰਵ ਰੱਖੀ ਜਾਵੇਗੀ। ਇਸ ਤਰ੍ਹਾਂ ਚੋਣਾਂ ਦੀ ਵਿਉਂਤਬੰਦੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਨੈਚਿੰਗ, ਡਕੈਤੀ ਜਾਂ ਫਿਰੌਤੀ ਦੀਆਂ ਕਾਲਾਂ ਜਾਂ ਨਸ਼ੇ ਦੇ ਮਾਮਲੇ ਵਰਗੇ ਛੋਟੇ – ਮੋਟੇ ਅਪਰਾਧ ਹੁੰਦੇ ਹਨ। ਇਹ ਗੱਲਾਂ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਦੀਆਂ ਹਨ। ਅਜਿਹੇ ਵਿੱਚ ਐਸਐਚਓ, ਡੀਐਸਪੀ ਅਤੇ ਐਸਐਸਪੀ ਦੀ ਜਿੰਮੇਵਾਰੀ ਵੀ ਤੈਅ ਹੋਵੇਗੀ। ਜੇਕਰ ਐਨਡੀਪੀਐਸ ਐਕਟ ਤਹਿਤ ਫੜੇ ਗਏ ਮੁਲਜ਼ਮ ਜੇਲ੍ਹ ਤੋਂ ਬਾਹਰ ਹਨ ਤਾਂ ਉਨ੍ਹਾਂ ਖਿਲਾਫ ਵਾਰ – ਵਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੀ ਜਾਇਦਾਦ ਕੁਰਕ ਕੀਤੀ ਜਾਵੇ। ਲੋਕਾਂ ਤੋਂ ਆਉਣ ਵਾਲੀ ਸੂਚਨਾ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।
