ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਜ਼ਰੂਰੀ ਪਰ ਕੌਮੀ ਹਿਤਾਂ ਲਈ ਅਕਾਲੀ ਦਲ ਦੀ ਮੁੜ ਸੁਰਜੀਤੀ ਸਮੇਂ ਦੀ ਲੋੜ
ਵੱਡੇ ਬਾਦਲ ਦਾ ਫਖ਼ਰੇ-ਕੌਮ ਸਨਮਾਨ ਵਾਪਸ ਲਿਆ ਜਾਵੇ-ਜਥੇਦਾਰ ਹਵਾਰਾ ਕਮੇਟੀ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ/30 ਨਵੰਬਰ,2024 –
ਜੱਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਨੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਪੰਥਕ ਸੰਕਟ ਦੇ ਹੱਲ ਲਈ ਸੋਮਵਾਰ ਨੂੰ ਸੱਦੀ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਹਵਾਲਾ ਦਿੰਦੇਂ ਹੋਏ ਕਿਹਾ ਕਿ ਦੇਸ਼ ਵਿਦੇਸ਼ ਦੇ ਹਰ ਸਿੱਖ ਦੀ ਨਿਗਾਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟਿਕੀ ਹੋਈ ਹੈ।ਸਿੱਖੀ ਦੇ ਬੋਲ ਬਾਲੇ ਲਈ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੌਰਵ ਨੂੰ ਬੁਲੰਦੀਆਂ ਤੱਕ ਦੇਖਣਾਂ ਲੋਚਦੇ ਹਾਂ ।ਇਸ ਲਈ ਗੁਨਾਹਗਾਰਾਂ ਨੂੰ ਸਖ਼ਤ ਸਜ਼ਾਵਾਂ ਦੇ ਨਾਲ-ਨਾਲ 2007 ਤੋਂ ਵਾਪਰੇ ਪੰਥ ਅਤੇ ਗ੍ਰੰਥ ਵਿਰੋਧੀ ਘਟਨਾਵਾਂ ਦੇ ਮੱਦੇਨਜ਼ਰ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਪੰਥ ਰਤਨ ਅਤੇ ਫਖ਼ਰੇ-ਕੌਮ ਦਾ ਸਨਮਾਨ ਵਾਪਸ ਲਿਆ ਜਾਵੇ। ਹਵਾਰਾ ਕਮੇਟੀ ਦੇ ਆਗੂ ਪ੍ਰੋਫ਼ੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਵਲ ਸਿਆਸੀ ਪਾਰਟੀ ਨਹੀ ਬਲਕਿ ਇਹ ਕੌਮੀ ਜੱਥੇਬੰਦੀ ਹੈ। ਜਿਸਦੀ ਇਸ ਖਿੱਤੇ ਵਿੱਚ ਗੁਰੂ ਆਸ਼ੇ ਅਨੁਸਾਰ ਸਰਦਾਰੀ ਹੋਣੀ ਚਾਹੀਦੀ ਹੈ। ਇਸਦੀ ਹੌਦ ਨਾਲ ਸਿੱਖਾਂ ਦਾ ਨਿਆਰਾਪਨ, ਸਿਆਸੀ ਅਵਾਜ਼ ਅਤੇ ਗੁਰਧਾਮਾਂ ਦੀ ਅਜ਼ਾਦੀ ਜੂੜੀ ਹੋਈ ਹੈ। ਪਿਛਲੇ ਸਮੇਂ ਦੌਰਾਨ ਕੁੱਝ ਇੱਕ ਨੂੰ ਛੱਡ ਕੇ ਬਹੁਤਾਤ ਅਕਾਲੀ ਦਲ ਦੇ ਆਗੂਆਂ ਕੋਲੋ ਧਾਰਮਿਕ, ਸਿਆਸੀ ਅਤੇ ਪ੍ਰਸ਼ਾਸਨਿਕ ਗਲਤੀਆਂ ਹੋਈਆਂ ਹਨ। ਜਿਸ ਨਾਲ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁੱਤਬੇ ਨੂੰ ਢਾਅ ਲੱਗੀ ਹੈ, ਜਿਸਨੂ ਸਿੱਖਾਂ ਨੇ ਬਰਦਾਸ਼ਤ ਨਹੀ ਕੀਤਾ।
ਕਮੇਟੀ ਦੇ ਆਗੂ ਮਹਾਬੀਰ ਸਿੰਘ ਸੁਲਤਾਨਵਿੰਡ, ਡਾ. ਸੁਖਦੇਵ ਸਿੰਘ ਬਾਬਾ, ਬਲਦੇਵ ਸਿੰਘ ਨਵਾਂਪਿਡ ਅਤੇ ਸੁਖਰਾਜ ਸਿੰਘ ਵੇਰਕਾ ਨੇ ਕਿਹਾ ਅਕਾਲੀ ਦਲ ਦੇ ਆਗੂਆਂ ਦੀ ਗਲਤੀਆਂ ਨਾਲ ਜੋ ਨੁਕਸਾਨ ਹੋਇਆ ਹੈ ਉਸ ਨਾਲ ਹਰ ਸਿੱਖ ਚਿੰਤਿਤ ਹੈ ਅਤੇ ਭਵਿੱਖ ਵਿੱਚ ਅਕਾਲੀ ਦਲ ਦਾ ਉਭਾਰ ਦੇਖਣਾ ਚਾਹੁੰਦਾ ਹੈ। ਗੁਨਾਹਗਾਰਾਂ ਨੂੰ ਸਖ਼ਤ ਸਜ਼ਾ ਮਿਲਣ ਨਾਲ ਅੱਗੇ ਤੋਂ ਕੌਮੀ ਸਿਧਾਤਾਂ ਨਾਲ ਕੋਈ ਖਿਲਵਾੜ੍ਹ ਕਰਨ ਦੀ ਹਿੰਮਤ ਨਹੀਂ ਕਰੇਗਾ। ਗ੍ਰੰਥ,ਪੰਥ, ਸ਼੍ਰੋਮਣੀ ਕਮੇਟੀ, ਪੰਜ ਪਿਆਰਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਦਾ ਅਕਾਲੀ ਦਲ ਦੇ ਰਾਜ ਦੌਰਾਨ ਘਾਣ ਹੋਇਆ ਹੈ। ਜਿੱਥੇ ਅਸੀ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਹਾਂ ਉੱਥੇ ਅਕਾਲੀ ਦਲ ਨੂੰ ਮੂੜ ਸੁਰਜੀਤ ਕਰਨ ਲਈ ਭਵਿੱਖ ਦੀ ਯੋਜਨਾਵਾਂ ਨੂੰ ਘੜਨ ਲਈ ਵੀ ਖਾਲਸਾ ਪੰਥ ਨੂੰ ਜਾਗਰੂਕ ਕਰਦੇ ਹਾਂ।
