
ਤਰਨਤਾਰਨ ਸਰਹੱਦ ਦੇ ਖੇਤਰ ‘ਚ ਪਾਕਿਸਤਾਨ ਨੇ ਭੇਜੇ 04 ਡਰੋਨ, ਬੀਐਸਐਫ ਨੇ ਨਾਕਾਮ ਕੀਤੀ ਘੁਸਪੈਠ, ਹਥਿਆਰ ‘ਤੇ ਹੈਰੋਇਨ ਬਰਾਮਦ
ਤਰਨਤਾਰਨ/SANGHOL-TIMES/28 ਜੁਲਾਈ,2025( ਮਲਕੀਤ ਸਿੰਘ ਭਾਮੀਆਂ ) :- ਪਾਕਿਸਤਾਨ ਅਕਸਰ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰਹੱਦ ‘ਤੇ ਤਾਇਨਾਤ ਬੀਐਸਐਫ ( ਫੋਜ ) ਵੱਲੋ ਅਜਿਹੀਆਂ ਕਈ ਯੋਜਨਾਵਾਂ ਨੂੰ ਲਗਾਤਾਰ ਨਾਕਾਮ ਕੀਤਾ ਜਾਂਦਾ ਹੈ। ਐਤਵਾਰ ਰਾਤ ਨੂੰ ਪਾਕਿਸਤਾਨ ਨੇ ਵੱਖ – ਵੱਖ ਇਲਾਕਿਆ ਤੋਂ ਭਾਰਤ ਵੱਲ 04 ਡਰੋਨ ਭੇਜੇ ਗਏ। ਬੀਐਸਐਫ ਦੀ ਚੌਕਸੀ ਕਾਰਨ ਚਾਰੇ ਡਰੋਨ ਬਰਾਮਦ ਕੀਤੇ ਗਏ। ਇਸ ਤੋ ਇਲਾਵਾ ਇੱਕ ਵਿਦੇਸ਼ੀ ਪਿਸਤੌਲ, ਮੈਗਜ਼ੀਨ, 01 ਕਿਲੋ 150 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਰਾਤ 09:35 ਮਿੰਟ ‘ਤੇ ਅੰਮ੍ਰਿਤਸਰ ਜਿਲ੍ਹੇ ਦੀਆਂ ਹੱਦਾਂ ਵਿੱਚ ਪੈਂਦੀ ਅੰਤਰਰਾਸ਼ਟਰੀ ਸਰਹੱਦ ਨੇੜੇ 03 ਛੋਟੇ ਆਕਾਰ ਦੇ ਡਰੋਨ, 01 ਵਿਦੇਸ਼ੀ ਪਿਸਤੌਲ, ਮੈਗਜ਼ੀਨ ਅਤੇ ਹੈਰੋਇਨ ਦੇ 02 ਪੈਕੇਟ ਬਰਾਮਦ ਕੀਤੇ ਗਏ ਹਨ। ਇਸੇ ਤਰਾਂ ਤਰਨਤਾਰਨ ਦੇ ਡੱਲ ਪਿੰਡ ਦੇ ਇੱਕ ਖੇਤ ਤੋਂ ਇੱਕ ਡਰੋਨ ਬਰਾਮਦ ਕੀਤਾ ਗਿਆ। ਇਹ ਬਰਾਮਦਗੀ ਸੋਮਵਾਰ ਸਵੇਰੇ ਇਕ ਸਰਚ ਅਪ੍ਰੇਸ਼ਨ ਦੌਰਾਨ ਹੋਈ। ਚਾਰੇ ਡਰੋਨ, ਪਿਸਤੌਲ ਅਤੇ ਹੈਰੋਇਨ ਦੀ ਖੇਪ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਪਿਸਤੌਲ ਅਤੇ ਹੈਰੋਇਨ ਦੀ ਖੇਪ ਕਿੱਥੇ ਪਹੁੰਚਾਈ ਜਾਣੀ ਸੀ। ਫਿਲਹਾਲ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
—–00——