
144 ਗੱਡੀਆਂ ਦੀ ਖਰੀਦ ‘ਚ ਘੋਟਾਲੇ ਦੀ ਜਾਂਚ ਕਰਾਉਂਗਾ, ਮੁੱਖ ਮੰਤਰੀ ਦੇ ਓਐਸਡੀ ਵੱਲੋਂ ਭੇਜੇ ਮਾਣਹਾਨੀ ਨੋਟਿਸ ‘ਤੇ ਬੋਲੇ ਸੁਖਪਾਲ ਖਹਿਰਾ
ਚੰਡੀਗੜ੍ਹ/SANGHOL-TIMES/01 ਅਗਸਤ,2025 (ਮਲਕੀਤ ਸਿੰਘ ਭਾਮੀਆਂ ) :- ਕਾਂਗਰਸ ਦੇ ਸੀਨੀਅਰ ਆਗੂ ‘ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ( OSD ) ਰਾਜਬੀਰ ਸਿੰਘ ਨਾਲ ਵਿਵਾਦ ਵਧਦਾ ਜਾ ਰਿਹਾ ਹੈ। ਜਿੱਥੇ ਪਿੱਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ‘ਤੇ ਮਾਣਹਾਨੀ ਦਾ ਕੇਸ ਠੋਕਿਆ ਹੈ। ਇਸ ਤੋਂ ਬਾਅਦ ਅੱਜ ਸੁਖਪਾਲ ਸਿੰਘ ਖਹਿਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨਾਂ ਨੂੰ ਅੱਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ( OSD ) Officer on Special Duty ਵੱਲੋਂ ਭੇਜਿਆ ਗਿਆ ਮਾਣਹਾਨੀ ਨੋਟਿਸ ਨਹੀ ਮਿਲਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਉਨਾਂ ਨੂੰ ਇਸ ਨੋਟਿਸ ਬਾਰੇ ਜਾਣਕਾਰੀ ਸਿਰਫ ਮੀਡੀਆ ਤੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੋਟਿਸ ਸਥਾਨਕ ਅਦਾਲਤ ਵੱਲੋਂ ਮੁੱਖ ਮੰਤਰੀ ਦੇ ਓਐਸਡੀ ਦੀ ਸ਼ਿਕਾਇਤ ‘ਤੇ ਭੇਜਿਆ ਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਣੀ ਹੈ। ਪਰ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਨਾਂ ਨੂੰ ਅੱਜ ਤੱਕ ਇਹ ਨੋਟਿਸ ਨਹੀਂ ਮਿਲਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ,”ਮੈਂ ਇਹ ਗੱਲ ਰਿਕਾਰਡ ‘ਤੇ ਰੱਖਣਾ ਚਾਹੁੰਦਾ ਹਾਂ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗ੍ਰਹਿ ਮੰਤਰੀ ਵਜੋਂ 144 ਟੋਇਟਾ ਹਾਈਲਕਸ ਗੱਡੀਆਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾਂ ਰਹਾਂਗਾਂ। ਇਹ ਖਰੀਦ ਡੀਜੀਪੀ ( ਡਇਰੈਕਟਰ ਜਰਨਲ ਆਫ ਪੁਲਿਸ ) ਪੰਜਾਬ ਦੇ ਨਾਂਮ ‘ਤੇ ਕੀਤੀ ਗਈ ਹੈ ਅਤੇ ਇਹ ਭ੍ਰਿਸ਼ਟਚਾਰ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ। ਮੈ ਇਸ ਮਾਮਲੇ ਨੂੰ ਇਸਦੇ ਤਰਕਪੂਰਨ ਸਿੱਟੇ ‘ਤੇ ਲੈਕੇ ਜਾਵਾਂਗਾਂ।” ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖ ਧਾਰਾ ਮੀਡੀਆ ‘ਤੇ ਵੀ ਸਵਾਲ ਉਠਾਏ। ਉਨਾਂ ਕਿਹਾ ਕਿ ਇਹ ਖਬਰ ਇੱਕ ਪਾਸੜ ਤਰੀਕੇ ਨਾਲ ਚਲਾਈ ਗਈ ਅਤੇ ਉਨਾਂ ਦਾ ਪੱਖ ਵੀ ਨਹੀ ਲਿਆ ਗਿਆ। ਉਨਾਂ ਅਜਿਹੇ ਮੀਡੀਆ ਨੂੰ “ਕੇਜੀ ਮੀਡੀਆ” ( ਅਰਵਿੰਦ ਕੇਜਰੀਵਾਲ ਮੀਡੀਆ ) ਕਿਹਾ ਅਤੇ ਕਿਹਾ ਕਿ ਇਹ ਇੱਕ ਵਿਕਿਆ ਹੋਇਆ ਮੀਡੀਆ ਹੈ, ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ। ਪੂਰਾ ਮਾਮਲਾ ਕੀ ਹੈ ? ਦਰਅਸਲ, ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਰੋਡ ਸੇਫਟੀ ਫੋਰਸ ਲਈ 144 ਟੋਇਟਾ ਹਾਈਲਕਸ ਪਿਕਅੱਪ ਗੱਡੀਆਂ ਖਰੀਦੀਆਂ ਸਨ। ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਸੀ ਕਿ ਇੰਨਾਂ ਵਾਹਨਾਂ ਦੀ ਥੋਕ ਖਰੀਦ ਦੇ ਬਾਵਜੂਦ, ਕੰਪਨੀ ਤੋਂ ਕੋਈ ਛੋਟ ਨਹੀ ਲਈ ਗਈ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਗਭਗ 15 – 20 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਨਾਂ ਦਾ ਕਹਿਣਾ ਹੈ ਕਿ ਪ੍ਰਤੀ ਵਾਹਨ 10 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਸਕਦੀ ਸੀ। ਸੁਖਪਾਲ ਖਹਿਰਾ ਇਸ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਅਤੇ ਜਨਤਾ ਦੋਵਾਂ ਦੇ ਸਾਹਮਣੇ ਉਠਾਂਉਂਦੇ ਰਹਿਣਗੇ, ਭਾਵੇ ਉਨਾਂ ਵਿਰੁੱਧ ਮਾਣਹਾਨੀ ਦਾ ਮਾਮਲਾ ਕਿਉਂ ਨਾ ਹੋਵੇ।
—–00—–