ਉਹ ਸ਼ਖਸ, ਜੋ ਜਹਾਜ ਥੱਲੇ ਲਟਕ ਕੇ, ਦਿੱਲੀ ਤੋਂ ਲੰਡਨ ਪਹੁੰਚ ਗਿਆ
ਸੰਨ 1996 ਦੀ ਗੱਲ ਹੈ, ਪੰਜਾਬ ‘ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਖਰਾਬ ਹੋਏ ਹਾਲਾਤ ਹਜੇ ਵੀ ਪੂਰੀ ਤਰਾਂ ਨਾਲ ਕਾਬੂ ‘ਚ ਨਹੀਂ ਸਨ, ਇਸੇ ਸਮੇਂ ਗੜਸ਼ੰਕਰ ਲਾਗੇ ਨਵਾਂਸ਼ਹਿਰ ਰੋਡ ਤੇ , ਹੁਸ਼ਿਆਰਪੁਰ ਜਿਲੇ ਦੇ ਇਕ ਪਿੰਡ ਬਸਿਆਲਾ ਦੇ ਦੋ ਨੌਜਵਾਨ ਸਕੇ ਭਰਾ, 23 ਸਾਲਾ ਪ੍ਰਦੀਪ ਸਿੰਘ ਸੈਣੀ ਤੇ 19 ਸਾਲਾ ਵਿਜੈ ਸਿੰਘ ਸੈਣੀ, ਜੋ ਕਾਰਾਂ ਠੀਕ ਕਰਨ ਦਾ ਕੰਮ ਸਿਖਦੇ ਸਨ, ਪੁਲਿਸ ਦੀ ਰੋਜ਼ਾਨਾ ਪੁੱਛਗਿੱਛ ਤੇ ਤਸ਼ੱਦਦ ਤੋਂ ਪ੍ਰੇਸ਼ਾਨ ਸਨ। ਉਹਨਾਂ ਇਸ ਸਭ ਤੋਂ ਖਹਿੜਾ ਛੁਡਾਉਣ ਲਈ ਇੰਗਲੈਂਡ ਜਾਣ ਦਾ ਮੰਨ੍ਹ ਬਣਾ ਲਿਆ ਜਦਕਿ ਉਨਾਂ ਕੋਲ ਨਾ ਤਾਂ ਕੋਈ ਪਾਸਪੋਰਟ ਸੀ, ਨਾ ਵੀਜਾ ਤੇ ਨਾ ਹੀ ਪੈਸੇ ਪਰ ਸਤੰਬਰ 1996 ‘ਚ ਦੋਵੇਂ ਭਰਾ ਬਸ ਚੜ੍ਹ ਦਿੱਲੀ ਆ ਗਏ, ਜਿੱਥੇ ਇਕ ਠੱਗ ਏਜੰਟ ਨੇ ਇੰਨ੍ਹਾਂ ਨੂੰ ਜਹਾਜ ‘ਚ ਸਵਾਰੀਆਂ ਦੇ ਸਮਾਨ ਆਲੇ ਖਾਨੇ ‘ਚ ਲੁਕੋ ਕੇ ਭੇਜਣ ਦੀ ਗੱਲ ਆਖਦਿਆਂ, 150 ਪੋਂਡ ਦੀ ਠੱਗੀ ਮਾਰ ਲਈ। ਪਰ ਦੋਵੇਂ ਭਰਾ ਠੱਗੇ ਜਾਣ ਤੋਂ ਬਾਅਦ ਵੀ ਵਾਪਸ ਨ੍ਹੀਂ ਆਏ ਤੇ ਉਹਨਾਂ ਸੱਚੀ ਇਸੇ ਤਰੀਕੇ ਲੰਡਨ ਜਾਣ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਲਗਾਤਾਰ ਦਸ ਦਿਨ ਰੇਕੀ ਕਰਨ ਤੋਂ ਬਾਅਦ ਇਕ ਦਿਨ ਦੋਵੇਂ ਭਰਾ ਕੰਧ ਤੋਂ ਛਾਲ ਮਾਰਕੇ ਅੰਦਰ ਵੜ੍ਹ ਗਏ ਤੇ ਦਿੱਲੀ ਤੋਂ ਹੀਥਰੋ (ਲੰਡਨ) ਜਾਣ ਵਾਲੇ ਜਹਾਜ ਦੇ ਅਲਗ-ਅਲਗ ਟਾਇਰਾਂ ਅੰਦਰ ਜਾਣ ਵਾਲੀ ਥੋੜੀ ਜਿਹੀ ਥਾਂ ‘ਚ ਲੁੱਕ ਕੇ ਉਸ ਜਹਾਜ ਨਾਲ ਲਟਕ ਗਏ, ਜਿਹੜਾ ਅਗਲੇ 10 ਘੰਟੇ ਲਗਾਤਾਰ 4000 ਫੁੱਟ ਦੀ ਉੱਚਾਈ ਤੇ, -50॰ ਤਾਪਮਾਨ ਤੇ, 700 ਕਿਲੋਮੀਟਰ ਘੰਟੇ ਦੀ ਸਪੀਡ ਨਾਲ ਉਡਕੇ ਲੰਡਨ ਪਹੁੰਚਿਆ। ਦੋਵਾਂ ਦਾ ਜਿੰਦਾ ਬਚਣਾ ਨਾਮੁਮਕਿਨ ਸੀ, ਜਹਾਜ ਚਲਦਿਆਂ ਈ ਲਗਾਤਾਰ ਹੁੰਦੇ ਜ਼ਬਰਦਸਤ ਖੜਕੇ ਅਤੇ ਟਾਇਰਾਂ ਦੇ ਹਿਲਣ ਨਾਲ ਦੋਵੇਂ ਭਰਾਵਾਂ ਦੇ ਹਾਲਾਤ ਖਰਾਬ ਹੋਣ ਲੱਗੇ ਤੇ ਜਦੋਂ ਜਹਾਜ 40000 ਫੁੱਟ ਦੀ ਉੱਚਾਈ ਤੇ ਗਿਆ, ਜਿੱਥੇ ਆਕਸੀਜਨ ਸਿਰਫ 5% ਤੇ ਤਾਪਮਾਨ -50॰ ਸੀ ਤਾਂ ਪਤਲੀ ਜਿਹੀ ਪੇਂਟ-ਬੁਸ਼ਰਟ ‘ਚ ਲਟਕੇ ਦੋਵਾਂ ਭਰਾਵਾਂ ਦੀ ਕੁਲਫੀ ਜੰਮਣ ਲੱਗੀ ਤੇ ਛੋਟੇ ਭਰਾ ਵਿਜੈ ਦਾ ਦਿਮਾਗ ਫੱਟ ਗਿਆ ਤੇ ਉਸਦੀ ਮੌਤ ਹੋ ਗਈ ਜਿਸਦੀ ਲਾਸ਼ ਜਹਾਜ ਉਤਰਨ ਤੋਂ ਕੁੱਝ ਸਮਾਂ ਪਹਿਲਾਂ ਨੀਚੇ ਡਿੱਗ ਗਈ ਸੀ।
ਜਦੋਂ ਜਹਾਜ ਹੀਥਰੋ ਏਅਰਪੋਰਟ ਤੇ ਪਹੁੰਚਿਆਂ ਤਾਂ ਗਰਾਉਂਡ ਸਟਾਫ ਨੇ ਪ੍ਰਦੀਪ ਨੂੰ ਬੇਹੋਸ਼ੀ ਦੀ ਹਾਲਤ ‘ਚ ਟਾਇਰਾਂ ਆਲੀ ਥਾਂ ਲਟਕਿਆ ਦੇਖਿਆ ਤਾਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਕਰਿਸ਼ਮਾਈ ਢੰਗ ਨਾਲ ਉਹ ਬੱਚ ਗਿਆ ਜਿਸਤੇ ਪੂਰੀ ਦੁਨੀਆ ਦੇ ਡਾਕਟਰ ਹੈਰਾਨ ਰਹਿ ਗਏ ਪਰ ਜਦੋਂ ਅਗਲੇ ਦਿਨ ਵਿਜੈ ਦੀ ਲਾਸ਼ ਮਿਲੀ ਤਾਂ ਪ੍ਰਦੀਪ ਨੂੰ ਆਪਣੇ ਭਰਾ ਦੀ ਮੌਤ ਤੇ ਬਹੁਤ ਡੂੰਘਾ ਸਦਮਾ ਲੱਗਿਆ। ਉਸਨੂੰ ਆਪਣੇ ਇਸ ਕੰਮ ਤੇ ਬਹੁਤ ਪਛਤਾਵਾ ਹੋਇਆ, ਜੋ ਅੱਜ ਵੀ ਕਾਇਮ ਹੈ ਕਿਉਂਕਿ ਉਸਨੂੰ ਲੱਗਦਾ ਏ ਕਿ ਉਹ ਵੱਡਾ ਸੀ ਤੇ ਉਸੇ ਦੇ ਫੈਸਲੇ ਕਾਰਨ ਛੋਟੇ ਦੀ ਜਾਨ ਚਲੀ ਗਈ। ਬਾਅਦ ‘ਚ ਡਾਕਟਰਾਂ ਨੇ ਉਸਦੇ ਜਿੰਦਾ ਬਚਣ ਤੇ ਆਪਣੀ ਰਿਪੋਰਟ ‘ਚ ਦੱਸਿਆ ਕਿ ਅਜਿਹੇ ਹਾਲਾਤਾਂ ‘ਚ ਇਕ ਕਰੋੜ ‘ਚੋਂ, ਇਕ ਬੰਦੇ ਦੇ ਬਚਣ ਦੀ ਉਮੀਦ ਹੁੰਦੀ ਏ, ਇਸ ਕੇਸ ‘ਚ ਪ੍ਰਦੀਪ ਦੀ ਇੱਛਾ ਸ਼ਕਤੀ ਦਾ ਬੇਹੱਦ ਮਜ਼ਬੂਤ ਹੋਣਾ ਤੇ ਬਹੁਤ ਜਿਆਦਾ ਠੰਡ ‘ਚ ਉਸਦੇ ਦਿਮਾਗ ਦਾ ਰਿਐਕਟ ਕਰਨਾ ਉਕਾ ਈ ਬੰਦ ਕਰ ਦੇਣਾ ਉਸਦੀ ਜਾਨ ਬਚਾ ਗਿਆ ਪਰ ਗੈਰਕਾਨੂੰਨੀ ਢੰਗ ਨਾਲ ਇੰਗਲੈਂਡ ਆਉਣ ਕਾਰਨ, ਉਸਨੂੰ ਵਾਪਸ ਇੰਡੀਆ ਡੀਪੋਰਟ ਕਰਨ ਦੀ ਗੱਲ ਆ ਗਈ। ਪ੍ਰਦੀਪ ਨੇ ਮਾਨਵੀ ਆਧਾਰ ਤੇ ਉਸਨੂੰ ਇੰਗਲੈਂਡ ‘ਚ ਰਹਿਣ ਦੀ ਆਗਿਆ ਦੇਣ ਲਈ, ਇੰਗਲੈਂਡ ਦੀ ਕੋਰਟ ‘ਚ 1996 ‘ਚ ਅਰਜ਼ੀ ਲਾ ਦਿੱਤੀ, ਹਾਲਾਂਕਿ ਇਸ ਦੌਰਾਨ ਭਰਾ ਦੀ ਮੌਤ ਕਾਰਨ ਤੇ ਸਫਰ ਦੌਰਾਨ ਹੋਏ ਸਰੀਰਕ ਨੁਕਸਾਨ ਕਾਰਨ ਉਹ ਲਗਾਤਾਰ ਛੇ ਸਾਲ ਡਿਪ੍ਰੈਸ਼ਨ ਤੇ ਹੋਰ ਰੋਗਾਂ ਨਾਲ ਵੀ ਘਿਰਿਆ ਰਿਹਾ ਪਰ ਅਖੀਰ 18 ਸਾਲ ਕੇਸ ਚਲਣ ਤੋਂ ਬਾਅਦ 2014 ‘ਚ ਕੋਰਟ ਨੇ, ਪ੍ਰਦੀਪ ਨੂੰ ਰਹਿਣ ਦੀ ਆਗਿਆ ਹੀ ਨਹੀਂ ਸਗੋਂ ਇੰਗਲੈਂਡ ਦੀ ਪੱਕੀ ਨਾਗਰਿਕਤਾ ਵੀ ਮਿਲ ਗਈ, ਉਸਦਾ ਨਾਮ ਗਿਨੀਜ ਬੁਕ ‘ਚ ਵੀ ਦਰਜ ਕੀਤਾ ਗਿਆ ਹੈ, ਉਸਦਾ ਵਿਆਹ ਹੋ ਚੁੱਕਾ ਏ ਤੇ ਦੋ ਬੱਚੇ ਵੀ ਹਨ। ਅੱਜ 49 ਸਾਲਾਂ ਦੀ ਉਮਰ ‘ਚ ਉਹ ਇੰਗਲੈਂਡ ਦੇ ਉਸੇ ਹੀਥਰੋ ਏਅਰਪੋਰਟ ਤੇ ਆਪਣੀ ਕਾਰ ਰਾਹੀਂ ਇਕ ਕੰਪਨੀ ਨੂੰ ਖਾਣੇ ਦੀਆਂ ਚੀਜ਼ਾਂ ਸਪਲਾਈ ਕਰਨ ਦਾ ਕੰਮ ਕਰਦਾ ਏ, ਜਿੱਥੇ ਉਸ ਕੋਲ ਜਿੰਦਗੀ ਦੀ ਹਰ ਐਸ਼ੋ-ਆਰਾਮ ਹੈ ਪਰ ਅੱਜ ਵੀ ਆਪਣੇ ਭਰਾ ਨੂੰ ਯਾਦ ਕਰਦਾ, ਉਹ ਝੁਰਦਾ ਰਹਿੰਦਾ ਹੈ।
ਅਸ਼ੋਕ ਸੋਨੀ ਕਾਲਮਨਵੀਸ
ਪਿੰਡ ਖੂਈ ਖੇੜਾ, ਫਾਜ਼ਿਲਕਾ
9872705078