ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ’ਤੇ 12 ਸਤੰਬਰ ਨੂੰ ਕਾਲੇ ਝੋਲੇ ਪਹਿਨਕੇ ਹੋਵੇਗਾ ਧਰਨਾ ਪ੍ਰਦਰਸ਼ਨ : ਜਥੇਦਾਰ ਪੰਜੋਲੀ
ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ, ਸਿੱਖ ਸਭਾਵਾਂ, ਸੁਸਾਇਟੀਆਂ ਅਤੇ ਸਟਾਫ ਦੀ ਹੋਈ ਇਕੱਤਰਤਾ
ਪਟਿਆਲਾ/9ਸਤੰਬਰ,2022/ਜਸਵਿੰਦਰ ਸੈਂਡੀ –
ਜੇਲ੍ਹਾਂ ’ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ’ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਪਟੀ ਕਮਿਸ਼ਨਰ ਦਫਤਰ ਅੱਗੇ 12 ਸਤੰਬਰ ਨੂੰ ਧਰਨਾ ਦੇਵੇਗੀ ਅਤੇ ਇਸ ਦੌਰਾਨ ਪੰਥਕ ਸਖਸ਼ੀਅਤਾਂ, ਸਿੱਖ ਸਭਾਵਾਂ, ਸਿੱਖ ਸੁਸਾਇਟੀਆਂ, ਸ਼ੋ੍ਰਮਣੀ ਕਮੇਟੀ ਮੁਲਾਜ਼ਮ ਅਤੇ ਸੰਗਤਾਂ ਕਾਲੇ ਝੋਲੇ ਪਹਿਨਕੇ ਧਰਨਾ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ। ਇਹ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼ਹਿਰ ਦੀਆਂ ਸਿੱਖ ਸਭਾਵਾਂ, ਸੁਸਾਇਟੀਆਂ ਗੁਰਦੁਆਰਾ ਪ੍ਰਬੰਧਕਾਂ, ਸਟਾਫ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ ਵਿਚ ਕੀਤਾ। ਇਕੱਤਰਤਾ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰਾਂ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਸਮੇਰ ਸਿੰਘ ਲਾਛੜੂ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ।
ਪ੍ਰੈਸ ਕਾਨਫਰੰਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਕੇਂਦਰ ਸਮੇਤ ਸੂਬਾ ਸਰਕਾਰਾਂ ਵੱਲੋਂ ਸਿੱਖ ਜਮਾਤ ਨਾਲ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਤੋਂ ਲੈ ਕੇ ਹੁਣ ਤੱਕ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦੀ ਸਿੱਖ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਜਿਨ੍ਹਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਹੁਣ ਤੱਕ ਕੋਈ ਫੈਸਲਾ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ ਸ਼ੋ੍ਰਮਣੀ ਕਮੇਟੀ ਵੱਡੇ ਪੱਧਰ ਦਾ ਸੰਘਰਸ਼ ਉਲੀਕਣ ਜਾ ਰਹੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਪੰਜਾਬ ਭਰ ਵਿਚ ਸ਼ੋ੍ਰਮਣੀ ਕਮੇਟੀ ਤਿੱਖੇ ਸੰਘਰਸ਼ ਦੀ ਸ਼ੁਰੂਆਤ ਡੀਸੀ ਦਫਤਰ ਅੱਗੇ ਕਾਲੀਆਂ ਦਸਤਾਰਾਂ, ਕਾਲੇ ਝੋਲੇ ਪਾ ਕੇ ਕਰੇਗੀ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰਾਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੋਈ ਵੱਡਾ ਫੈਸਲਾ ਨਹੀਂ ਕਰਦੀਆਂ ਤਦ ਤੱਕ ਇਸ ਸੰਘਰਸ਼ ਨੂੰ ਪੜਾਅ ਵਰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਹੈਡ ਗ੍ਰੰਥੀ ਭਾਈ ਅਵਤਾਰ ਸਿੰਘ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇ. ਇੰਦਰਜੀਤ ਸਿੰਘ ਗਿੱਲ, ਮੈਨੇ. ਜਗਦੀਸ਼ ਸਿੰਘ, ਮੈਨੇ. ਸੁਰਜੀਤ ਸਿੰਘ, ਕੰਵਰਜੀਤ ਸਿੰਘ ਗੋਨਾ, ਸਾਬਕਾ ਮੈਨੇਜਰ ਕਰਨੈਲ ਸਿੰਘ ਨਾਭਾ, ਕਰਮ ਸਿੰਘ, ਸੁਰਿੰਦਰ ਸਮਾਣਾ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਅਤੇ ਅਧਿਕਾਰੀ ਹਾਜ਼ਰ ਸਨ।