ਜ਼ਹਿਰੀਲੇ ਸੱਪਾਂ ਸਬੰਧੀ ਡਾਕਟਰਾਂ ਨੇ ਸਾਂਝੇ ਕੀਤੇ ਵਿਚਾਰ
ਜ਼ਿਲ੍ਹਾ ਹਸਪਤਾਲ ਦੇ ਮੈਡੀਸਨ ਵਿਭਾਗ ਨੇ ਕਰਵਾਇਆ ਜਾਗਰੂਕਤਾ ਸਮਾਗਮ
ਖ਼ਿੱਤੇ ਦੇ ਉਘੇ ਮਾਹਰ ਡਾਕਟਰਾਂ ਨੇ ਕੀਤੀ ਸ਼ਿਕਕਤ
SangholTimes/Bureau/ਮੋਹਾਲੀ,10ਨਵੰਬਰ,2022 – ਗੁਰਜੀਤ ਬਿੱਲਾ ਜ਼ਹਿਰੀਲੇ ਸੱਪਾਂ ਦੁਆਰਾ ਡੰਗਣ ਮਗਰੋਂ ਮਰੀਜ਼ ਨੂੰ ਸੰਭਾਲਣ ਸਬੰਧੀ ਅੱਜ ਜ਼ਿਲ੍ਹਾ ਹਸਪਤਾਲ ਵਿਚ ਜਾਗਰੂਕਤਾ ਸਮਾਗਮ (ਸੀ.ਐਮ.ਈ.) ਕਰਵਾਇਆ ਗਿਆ। ਇਹ ਸਮਾਗਮ ਹਸਪਤਾਲ ਦੇ ਮੈਡੀਸਨ ਵਿਭਾਗ ਦੁਆਰਾ ਡਾ. ਬੀ. ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿਚ ਵੱਖ ਵੱਖ ਕਾਲਜਾਂ ਅਤੇ ਹਸਪਤਾਲਾਂ ਦੇ ਪ੍ਰੋਫ਼ੈਸਰਾਂ ਅਤੇ ਮਾਹਰ ਡਾਕਟਰਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਭਾਰਤ ਵਿਚ ਮਿਲਦੇ ਸੱਪਾਂ ਦੀਆਂ ਕਿਸਮਾਂ, ਸੱਪਾਂ ਅੰਦਰਲੀ ਜ਼ਹਿਰ ਦੀ ਤੀਬਰਤਾ, ਸੱਪਾਂ ਦੇ ਰਹਿਣ-ਸਹਿਣ, ਸੱਪਾਂ ਦੇ ਡੰਗਣ ਮਗਰੋਂ ਮਰੀਜ਼ਾਂ ਨੂੰ ਬਚਾਉਣ ਦੇ ਤਰੀਕਿਆਂ ਅਤੇ ਡੰਗ-ਵਿਰੋਧੀ ਦਵਾਈ ਆਦਿ ਵੱਖ-ਵੱਖ ਵਿਸ਼ਿਆਂ ਬਾਰੇ ਗੰਭੀਰ ਤੇ ਉਸਾਰੂ ਵਿਚਾਰ-ਚਰਚਾ ਕੀਤੀ।
ਸਮਗਾਮ ਦੀ ਸ਼ੁਰੂਆਤ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਅਪਣੇ ਸੰਖੇਪ ਭਾਸ਼ਣ ਨਾਲ ਕੀਤੀ ਜਿਸ ਵਿਚ ਉਨ੍ਹਾਂ ਸੱਪਾਂ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਮਗਰੋਂ ਪੀ.ਜੀ.ਆਈ.ਤੋਂ ਪੁੱਜੇ ਡਾ. ਆਸ਼ੀਸ਼ ਭੱਲਾ ਅਤੇ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਦੇ ਡਾ. ਐਸ. ਐਸ. ਲਹਿਲ ਨੇ ਜ਼ਹਿਰੀਲੇ ਸੱਪਾਂ ਦੇ ਡੰਗਾਂ ਸਬੰਧੀ ਪ੍ਰਬੰਧਨ ਵਿਸ਼ੇ ’ਤੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦਸਿਆ ਕਿ ਇਸ ਖ਼ਿੱਤੇ ਵਿਚ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਵਧਣ ਨਾਲ ਇਸ ਵਿਸ਼ੇ ’ਤੇ ਜਾਗਰੂਕਤਾ ਵਧਾਉਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਲੋਕਾਂ ਨੂੰ ਵੀ ਸੱਪਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤੀਆਂ ਕਿਸਮਾਂ ਦੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਆਮ ਲੋਕ ਹਰ ਸੱਪ ਨੂੰ ਹੀ ਜ਼ਹਿਰੀਲੇ ਸਮਝ ਲੈਂਦੇ ਹਨ।
ਸਮਾਗਮ ਵਿਚ ਡਾਕਟਰੀ ਕਿੱਤੇ ਨਾਲ ਸਬੰਧਤ ਖ਼ਿੱਤੇ ਦੇ ਕਈ ਉਘੇ ਮਾਹਰਾਂ ਨੇ ਸ਼ਿਰਕਤ ਕੀਤੀ। ਮੋਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਵੀ ਅਪਣੇ ਭਾਸ਼ਣ ਵਿਚ ਇਸ ਵਿਸ਼ੇ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿਚ ਪ੍ਰਮੁੱਖ ਤੌਰ ’ਤੇ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਚ.ਚੀਮਾ, ਡਾ. ਵਿਜੇ ਭਗਤ, ਡਾ. ਪਰਮਿੰਦਰ ਸਿੰਘ, ਦਿੱਲੀ ਦੇ ਨਾਮਵਰ ਹਸਪਤਾਲਾਂ ਜਿਵੇਂ ਲੇਡੀ ਹਾਰਡਿੰਗ, ਗੁਰੂ ਤੇਗ਼ ਬਹਾਦਰ ਹਸਪਤਾਲ, ਆਰ.ਐਮ.ਐਲ ਹਸਪਤਾਲ, ਸਫ਼ਦਰਗੰਜ ਹਸਪਤਾਲ, ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਜ਼ ਨਾਲ ਸਬੰਧਤ ਡਾਕਟਰ ਤੇ ਚੰਡੀਗੜ੍ਹ, ਪਟਿਆਲਾ, ਫ਼ਰੀਦਕੋਟ ਅਤੇ ਜਲੰਧਰ ਨਾਲ ਸਬੰਧਤ ਡਾਕਟਰਾਂ ਨੇ ਹਿੱਸਾ ਲਿਆ।
ਫ਼ੋਟੋ ਕੈਪਸ਼ਨ : ਜਾਗਰੂਕਤਾ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ।