ਹਰ ਗਰਭਵਤੀ ਔਰਤ ਦੀ ਨਿਰੰਤਰ ਮੈਡੀਕਲ ਜਾਂਚ ਜ਼ਰੂਰੀ : ਡਾ. ਨਿਧੀ ਕੌਸ਼ਲ
ਮਾਤਰੀ ਮੌਤਾਂ ਦੇ ਕਾਰਨ, ਉਪਾਅ, ਨਿਗਰਾਨੀ ਅਤੇ ਕਾਰਵਾਈ ਸਬੰਧੀ ਦੋ ਦਿਨਾ ਟ੍ਰੇਨਿੰਗ ਸ਼ੁਰੂ
SangholTimes/ਮੋਹਾਲੀ/15ਦਸੰਬਰ,2022 ) : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ ਦੀ ਅਗਵਾਈ ਹੇਠ ਸਥਾਨਕ ਮੈਡੀਕਲ ਕਾਲਜ ’ਚ “ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ (ਐਮ.ਡੀ.ਐਸ.ਆਰ).” ਵਿਸ਼ੇ ’ਤੇ ਦੋ ਦਿਨਾ ਟ੍ਰੇਨਿੰਗ ਹੋਈ, ਜਿਸ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਸਟਾਫ ਨਰਸਾਂ ਅਤੇ ਏ.ਐਨ.ਐਮਜ਼ ਨੇ ਭਾਗ ਲਿਆ।
ਡਾ. ਨਿਧੀ ਕੌਸ਼ਲ ਨੇ ਅੱਜ ਟ੍ਰੇਨਿੰਗ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਰੀ ਮੌਤਾਂ ਰੋਕਣ ਲਈ ਐਮ.ਡੀ.ਐਸ.ਆਰ. ਨਿਰੰਤਰ ਚੱਲਣ ਵਾਲਾ ਨਿਗਰਾਨੀ ਸਿਸਟਮ ਹੈ, ਜਿਸ ਨਾਲ ਸਿਹਤ ਸੇਵਾਵਾਂ ਵਿਚ ਸੁਧਾਰ ਲਿਆ ਕੇ ਭਵਿੱਖ ਵਿਚ ਮਾਤਰੀ ਮੌਤਾਂ ਨੂੰ ਰੋਕਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਮਾਤਰੀ ਮੌਤਾਂ ਨੂੰ ਘਟਾਉਣ ਲਈ ਹਰ ਗਰਭਵਤੀ ਔਰਤ ਦਾ ਇਸਤਰੀ ਰੋਗ ਮਾਹਰ ਡਾਕਟਰ ਕੋਲੋਂ ਚੈਕਅੱਪ ਕਰਵਾਇਆ ਜਾਵੇ ਤੇ ਹਾਈ ਰਿਸਕ ਜਾਂ ਉਚ ਜੋਖਮ ਵਾਲੀਆਂ ਔਰਤਾਂ ਵਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ ਟ੍ਰੇਨਿੰਗ ਦਾ ਮੁੱਖ ਉਦੇਸ਼ ਵੀ ਮਾਤਰੀ ਮੌਤ ਦਰ ਦੇ ਸਹੀ ਕਾਰਨਾਂ ਦਾ ਪਤਾ ਲਗਾ ਕੇ ਉਸ ਵਿਚ ਕਮੀ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ ਇਕ ਜਾਂਚ, ਨਿਗਰਾਨੀ ਤੇ ਮੁਲਾਂਕਣ ਪ੍ਰਣਾਲੀ ਹੈ, ਜਿਸ ਵਿਚ ਅਸੀਂ ਗਰਭਵਤੀ ਔਰਤ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਕਰਦੇ ਹਾਂ ਅਤੇ ਕਾਰਨ ਸਮਝਣ ਤੋਂ ਬਾਅਦ ਹਾਈ ਰਿਸਕ ਔਰਤਾਂ ਸਮੇਤ ਗਰਭਵਤੀ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ, ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ’ਤੇ ਵਿਸ਼ੇਸ਼ ਧਿਆਨ ਦਿੰਦੇ ਹਾਂ।
ਡਾ. ਨਿਧੀ ਕੌਸ਼ਲ ਨੇ ਕਿਹਾ ਕਿ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਗਰਭਵਤੀ ਔਰਤਾਂ ਦੀ ਸਮੇਂ ਸਿਰ ਰਜਿਸਟਰੇਸ਼ਨ ਕੀਤੀ ਜਾਵੇ। ਗਰਭਵਤੀ ਔਰਤਾਂ ਦੀ ਰਜਿਸਟਰੇਸ਼ਲ ਤੋਂ ਲੈ ਕੇ ਜਣੇਪੇ ਤਕ ਉਨ੍ਹਾਂ ਦੀ ਸਿਹਤ ’ਤੇ ਖ਼ਾਸ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਉਚ ਜੋਖਮ ਗਰਭਵਤੀ ਔਰਤਾਂ ਨੂੰ ਟਰੈਕ ਕੀਤਾ ਜਾਵੇ ਅਤੇ ਉਨ੍ਹਾਂ ਦੇ ਇਲਾਜ ਲਈ ਬਿਹਤਰ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਹਰ ਗਰਭਵਤੀ ਔਰਤ ਦੇ ਰੈਗੂਲਰ ਐਂਟੀ ਨੇਟਲ ਚੈੱਕਅੱਪ ਤੋਂ ਇਲਾਵਾ ਘੱਟੋ ਘੱਟ ਦੋ ਚੈੱਕਅੱਪ ਮੈਡੀਕਲ ਅਫ਼ਸਰ ਕੋਲੋਂ ਅਤੇ ਇਸੇ ਤਰ੍ਹਾਂ ਹਰ ਉਚ ਜੋਖਮ ਗਰਭਵਤੀ ਔਰਤ ਦੇ ਰੈਗੂਲਰ ਐਂਟੀ ਨੇਟਲ ਚੈਕਅੱਪ ਤੋਂ ਇਲਾਵਾ ਘੱਟੋ ਘੱਟ 2 ਐਂਟੀ ਨੇਟਲ ਚੈਕਅੱਪ ਗਾਈਨਾਕੋਲੋਜਿਸਟ ਕੋਲੋਂ ਕਰਵਾਉਣੇ ਯਕੀਨੀ ਬਣਾਏ ਜਾਣ।
ਟ੍ਰੇਨਿੰਗ ਵਿਚ ਇਸਤਰੀ ਰੋਗ ਮਾਹਰ ਡਾ. ਮੀਨਾ ਹਰਦੀਪ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਾਜ ਰਾਣੀ ਸਮੇਤ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ : ਟਰੇਨਿੰਗ ਦੀਆਂ ਤਸਵੀਰਾਂ।