ਇਟਲੀ ਚ ਲੋਨੀਗੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਦਰਸ਼ਨਾਂ ਲਈ ਪਹੁੰਚੀਆਂ ਇਟਾਲੀਅਨ ਪ੍ਰਮੁੱਖ ਸ਼ਖਸ਼ੀਅਤਾਂ
ਸਿੱਖ ਧਰਮ ਤੋਂ ਪ੍ਰਭਾਵਿਤ ਹੋਏ ਇਟਾਲੀਅਨ ਲੋਕ – ਸਿੱਖ ਧਰਮ ਸਮੁੱਚੀ ਮਾਨਵਤਾ ਦੀ ਭਲਾਈ ਦੇ ਸਿਧਾਂਤ ਨੂੰ ਲੈ ਕੇ ਚੱਲਦਾ ਹੈ
Sanghol Times/ਵੈਨਿਸ(ਇਟਲੀ)07ਮਈ,2023(ਹਰਦੀਪ ਸਿੰਘ ਕੰਗ) – ਸਿੱਖ ਧਰਮ ਦੀ ਵਿਸ਼ਾਲਤਾ ਅਤੇ ਗੌਰਵਮਈ ਸਿੱਖ ਇਤਿਹਾਸ ਤੋਂ ਵਿਦੇਸ਼ੀ ਲੋਕ ਵੀ ਖੂਬ ਪ੍ਰਭਾਵਿਤ ਹੋ ਰਹੇ ਹਨ। ਇਸੇ ਪ੍ਰਕਾਰ ਇਟਲੀ ਦੇ ਵਿਚੈਂਸਾ ਜਿਲੇ ਚ ਸਥਿੱਤ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਦੀ ਨਵੀਂ ਬਣੀ ਇਮਾਰਤ ਦੇ ਦਰਸ਼ਨਾਂ ਲਈ ਬੀਤੇ ਦਿਨ ਇਟਲੀ ਦੇ ਵੱਖ ਵੱਖ ਸ਼ਹਿਰਾਂ ਦੇ ਮੇਅਰ ਅਤੇ ਅਨੇਕਾਂ ਅਧਿਕਾਰੀ ਪਹੁੰਚੇ ਅਤੇ ਗੁਰੂ ਘਰ ਨਤਮਸਤਕ ਹੋਏ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਅਤੇ ਸਤਿਕਾਰ ਸਾਹਿਤ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸੁਣਿਆ। ਇਸ ਮੌਕੇ ਸੰਗਤ ਦੇ ਇਕੱਠ ਨੂੰ ਸਬੋਧਿਤ ਹੁੰਦਿਆਂ ਇਨਾਂ ਇਟਾਲੀਅਨ ਹਸਤੀਆਂ ਨੇ ਕਿਹਾ ਕਿ ਸਿੱਖ ਧਰਮ ਸੱਚਮੁੱਚ ਹੀ ਅਤਿ ਮਹਾਨ ਧਰਮ ਹੈ ਅਤੇ ਇਹ ਧਰਮ ਸਮੁੱਚੀ ਮਾਨਵਤਾ ਦੀ ਭਲਾਈ ਦੇ ਸਿਧਾਂਤ ਨੂੰ ਲੈ ਕੇ ਚੱਲਦਾ ਹੈ। ਦੱਸਣਯੋਗ ਹੈ ਕਿ ਲੋਨੀਗੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕਾਰਜ ਵਿੱਚ ਵੀ ਇਨਾਂ੍ਹ ਇਟਾਲੀਅਨ ਸ਼ਖਸ਼ੀਅਤਾਂ ਨੇ ਭਰਪੂਰ ਸਹਿਯੋਗ ਦਿੱਤਾ ਹੈ। ਗੁਰਦੁਆਰਾ ਸਾਹਿਬ ਪਹੁੰਚਣ ਤੇ ਪ੍ਰਬੰਧਕ ਕਮੇਟੀ ਲੋਨੀਗੋ ਦੁਆਰਾ ਇਨਾਂ ਇਟਾਲੀਅਨ ਸ਼ਖਸ਼ੀਅਤਾਂ ਅਤੇ ਗੁਰ ਘਰ ਦੀ ਉਸਾਰੀ ਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾ ਅਤੇ ਵੱਖ ਵੱਖ ਪ੍ਰਬੰਧਕ ਕਮੇਟੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।