ਕਾਨੂੰਨ ਵਿਸ਼ੇ ਦੇ ਮਾਹਿਰ ਡਾ. ਸਿਮਰਨਜੀਤ ਕੌਰ ਵੱਲੋਂ ਲਿਖੀ ਗਈ ਕਿਤਾਬ ਪਿੰਗਲਵਾੜਾ ਵਿਖੇ ਡਾ. ਇੰਦਰਜੀਤ ਕੌਰ ਵੱਲੋਂ ਕੀਤੀ ਗਈ ਰਿਲੀਜ਼
Sanghol Times/ਅੰਮ੍ਰਿਤਸਰ(ਰਣਜੀਤ ਸਿੰਘ ਮਸੌਣ)- ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਅੰਮ੍ਰਿਤਸਰ) ਦੀ ਮਾਨਾਂਵਾਲਾ ਬ੍ਰਾਂਚ ਵਿਖੇ ਕਾਨੂੰਨ ਵਿਸ਼ੇ ਦੇ ਮਾਹਿਰ ਡਾ. ਸਿਮਰਨਜੀਤ ਕੌਰ ਵੱਲੋਂ ਲਿਖੀ ਗਈ ਕਿਤਾਬ ‘ਰੋਲ ਆਫ ਨਾਨ ਗਵਰਨਮੈਂਟਲ ਆਰਗੇਨਾਈਜ਼ੇਸ਼ਨ ਇਨ ਪ੍ਰੋਟੇਕਸ਼ਨ ਆਫ਼ ਹਿਊਮਨ ਰਾਈਟਸ ਇਨ ਇੰਡੀਆ’ ਸਿਰਲੇਖ ਵਾਲੀ ਪੁਸਤਕ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਵੱਲੋਂ ਆਪਣੇ ਕਰ ਕਲਮਾਂ ਨਾਲ ਰਿਲੀਜ਼ ਕੀਤੀ ਗਈ। ਸਾਦੇ ਜਿਹੇ ਸਮਾਗਮ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਪੁਸਤਕ ਦੇ ਲੇਖਕ ਡਾ. ਸਿਮਰਨਜੀਤ ਕੌਰ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਪ੍ਰਤੀ ਲਿਖੀ ਗਈ ਇਸ ਪੁਸਤਕ ਨੂੰ ਰਿਲੀਜ਼ ਕਰਨ ਲਈ ਉਨ੍ਹਾਂ ਨੂੰ ਇਸ ਤੋਂ ਪਵਿਤਰ ਥਾਂ ਕੋਈ ਨਹੀਂ ਲੱਭੀ, ਕਿਉਂਕਿ ਇਹ ਥਾਂ ਸਰਬੱਤ ਦੇ ਭਲੇ ਅਤੇ ਮਨੁੱਖਤਾ ਦਾ ਮੰਦਰ ਹੈ ਅਤੇ ਉਹ ਭਗਤ ਪੂਰਨ ਸਿੰਘ ਅਤੇ ਡਾ. ਇੰਦਰਜੀਤ ਕੌਰ ਦੀ ਮਨੁੱਖਤਾ ਪ੍ਰਤੀ ਭਲਾਈ ਵਾਲੀ ਸੋਚ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਇਹ ਕਿਤਾਬ ਲਿਖਣ ਦਾ ਮਕਸਦ ਇਹ ਹੈ ਕਿ ਸਰਕਾਰਾਂ ਅਤੇ ਐੱਨ.ਜੀ.ਓ. ਵਿੱਚ ਤਾਲਮੇਲ ਵਧੇ ਤਾਂ ਜੋ ਸਰਕਾਰੀ ਸਕੀਮਾਂ ਸਹੀ ਅਰਥਾਂ ਵਿੱਚ ਲੋੜਵੰਦਾਂ ਤੱਕ ਵਧੀਆ ਤਰੀਕੇ ਨਾਲ ਪਹੁੰਚ ਸਕਣ। ਇਸ ਮੌਕੇ ਪੁਸਤਕ ਦੀ ਘੁੰਡ ਚੁਕਾਈ ਕਰਦੇ ਹੋਏ ਡਾ. ਇੰਦਰਜੀਤ ਕੌਰ ਨੇ ਡਾ. ਸਿਮਰਨਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਸਕੇ ਸਬੰਧੀਆਂ ਨੂੰ ਵਧਾਈ ਦਿੱਤੀ, ਜਿੰਨ੍ਹਾਂ ਦੇ ਸਹਿਯੋਗ ਨਾਲ ਲੇਖਿਕਾ ਨੇ ਗਿਆਨ ਭਰਪੂਰ ਡਾਟਾ ਇਕੱਤਰ ਕਰਕੇ ਇਸ ਪੁਸਤਕ ਨੂੰ ਬੜੇ ਖੂਬਸੂਰਤ ਢੰਗ ਨਾਲ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁੁਸਤਕ ਐਨ.ਜੀ.ਓ., ਸਰਕਾਰਾਂ ਅਤੇ ਆਮ ਪਾਠਕਾਂ ਲਈ ਬਹੁਤ ਲਾਹੇਵੰਦ ਹੋਵੇਗੀ ਕਿਉਂਕਿ ਬਹੁਤ ਸਾਰੀ ਜਾਣਕਾਰੀ ਬੜੇ ਸੁਚੱਜੇ ਢੰਗ ਨਾਲ ਕਲਮਬੱਧ ਕੀਤੀ ਗਈ ਹੈ। ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਮਾਜ ਵਿੱਚ ਅਜੇ ਬਹੁਤ ਕੰਮ ਕਰਨੇ ਲੋੜੀਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵਾਂ ਨਰੋਆ ਸਮਾਜ ਸਿਰਜਣ ਲਈ ਸਰਕਾਰਾਂ, ਐੱਨ.ਜੀ.ਓ. ਅਤੇ ਆਮ ਲੋਕ ਮਿਲ ਕੇ ਕੰਮ ਕਰਨਗੇ ਤਾਂ ਬਹੁਤ ਵੱਡੀਆਂ ਮੁਸ਼ਕਿਲਾਂ ਨੂੰ ਅਸੀ ਸਹਿਜੇ ਨਾਲ ਨਜਿੱਠ ਲਵਾਂਗੇ।
ਇਸ ਮੌਕੇ ਵਿਸ਼ੇਸ਼ ਤੌਰ ਤੇ ਯਾਦਵਿੰਦਰ ਸਿੰਘ, ਸਟੇਟ ਕੁਆਰਡੀਨੇਟਰ, ਬਚਪਨ ਬਚਾਓ ਅੰਦੋਲਨ ਨੇ ਆਪਣੇ ਵਿਚਾਰਾਂ ਦੀ ਵੀ ਸਾਂਝ ਪ੍ਰਗਟ ਕੀਤੀ। ਇਸ ਮੌਕੇ ਬੂਟਾ ਸਿੰਘ ਫਰੀਦਕੋਟ, ਸੁਖਵਿੰਦਰ ਸਿੰਘ, ਗੁਰਮਨਦੀਪ ਸਿੰਘ, ਅਵਨੀਤ ਕੌਰ ਕਰੀਰ, ਸਤਨਾਮ ਸਿੰਘ ਫਰੀਦਕੋਟ, ਪਰਮਿੰਦਰ ਸਿੰਘ ਭੱਟੀ, ਸੁਰਿੰਦਰ ਕੌਰ ਭੱਟੀ, ਕਰਨਲ ਦਰਸ਼ਨ ਸਿੰਘ ਬਾਵਾ, ਬਖਸ਼ੀਸ਼ ਸਿੰਘ, ਜੈ ਸਿੰਘ, ਨਰਿੰਦਰਪਾਲ ਸਿੰਘ, ਜਤਿੰਦਰ ਸਿੰਘ, ਡਾ. ਤਰਲੋਚਨ ਸਿੰਘ, ਸੰਦੀਪ ਕੌਰ, ਦਲਜੀਤ ਕੌਰ, ਯੋਗੇਸ਼ ਸੂਰੀ, ਗੁਲਸ਼ਨ ਰੰਜਨ, ਅਨੀਤਾ ਬੱਤਰਾ, ਰਿਤੂ ਸ਼ਰਮਾ, ਮੀਨਾ ਦੇਵੀ ਅਤੇ ਵੱਖ-ਵੱਖ ਵਾਰਡਾਂ ਅਤੇ ਬ੍ਰਾਂਚਾਂ ਦੇ ਇੰਚਾਰਜ ਆਦਿ ਹਾਜ਼ਰ ਸਨ। ਮੰਚ ਸੰਚਾਲਨ ਐਡਵੋਕੇਟ ਨਵਦੀਪ ਸਿੰਘ ਕਰੀਰ ਜ਼ੀਰਾ ਨੇ ਬਾਖੂਬੀ ਨਿਭਾਇਆ ਗਿਆ।