ਹਾਈਕੋਰਟ ਵਿਖੇ ਗੁੜਗਾਓ ਪਟੌਦੀ ‘ਚ 47 ਸਿੱਖਾਂ ਦੇ ਕਤਲੇਆਮ ਮਾਮਲੇ ਦੀ ਹੋਈ ਸੁਣਵਾਈ ਅਗਲੀ ਪੇਸ਼ੀ 19 ਨਵੰਬਰ
40 ਸਾਲਾਂ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਾ ਮਿਲਣਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ- ਭਾਈ ਘੋਲੀਆਂ
ਅੰਮ੍ਰਿਤਸਰ/Sanghol-Times(ਰਣਜੀਤ ਸਿੰਘ ਮਸੌਣ)02 Sep.,2024
– 02 ਨਵੰਬਰ 1984 ਨੂੰ ਗੁੜਗਾਓ ਪਟੌਦੀ ਹਰਿਆਣਾ ਵਿਖੇ ਵਹਿਸੀਆਨਾ ਭੀੜ ਨੇ 297 ਘਰਾਂ ਨੂੰ ਅੱਗ ਲਗਾ ਕੇ ਸਾੜ ਫੂਕ ਦਿੱਤਾ ਸੀ ਅਤੇ 47 ਸਿੱਖਾਂ ਦਾ ਬੁਰੀ ਤਰ੍ਹਾਂ ਜ਼ਖਮੀ ਕਰਕੇ ਮਾਰ ਦਿੱਤਾ ਸੀ।
ਇਸ ਸਬੰਧੀ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਰਿੱਟ ਨੰਬਰ 10904 ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਰਾਹੀਂ 133 ਪਟੀਸ਼ਨਰਾਂ ਲਗਾਈਆਂ ਗਈਆਂ ਸਨ। ਜਿਸ ਦੀ ਹਾਈਕੋਰਟ ਵਿਖੇ ਜਸਟਿਸ ਵਿਨੋਦ ਕੁਮਾਰ ਭਾਰਦਵਾਜ ਇਕਹਿਰੀ ਬੈਚ ਮੂਹਰੇ ਸੁਣਵਾਈ ਹੋਈ। ਸਿੱਖ ਕਤਲੇਆਮ ਮਾਮਲੇ ‘ਚ ਮਾਣਯੋਗ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਅਤੇ ਡੀਸੀ ਗੁੜਗਾਓਂ ਸਮੇਤ 9 ਧਿਰਾਂ ਨੂੰ ਪਿਛਲੀ ਤਰੀਕ ਤੇ ਕੀਤੇ ਸਨ ਨੋਟਿਸ ਜਾਰੀ।
ਇਸ ਸਬੰਧੀ ਸਰਕਾਰੀ ਧਿਰਾਂ ਲੰਮੇ ਸਮੇ ਤੋਂ ਨੋਟਿਸ ਦਾ ਜਵਾਬ ਦੇਣ ਲਈ ਟਾਲ-ਮਟੋਲ ਦੀ ਨੀਤੀ ਅਪਣਾ ਰਹੀਆਂ ਹਨ ਅਤੇ ਸਰਕਾਰੀ ਧਿਰ ਨੇ ਜਵਾਬ ਦੇਣ ਲਈ ਹੋਰ ਸਮੇਂ ਦੀ ਮੰਗ ਕੀਤੀ ਅਤੇ ਮਾਨਯੋਗ ਜਸਟਿਸ ਨੇ ਸੁਣਵਾਈ ਦੌਰਾਨ ਕੇਸ ਦੀ ਅਗਲੀ ਪੇਸ਼ੀ 19 ਨਵੰਬਰ 2024 ਪਾ ਦਿੱਤੀ। ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 1984 ਸਿੱਖ ਕਤਲੇਆਮ ਮਾਮਲਾ ਦੁਨੀਆਂ ਦੇ ਇਤਿਹਾਸ ‘ਚ ਇਕਤਰਫ਼ਾ ਕਤਲੇਆਮ ਹੈ, ਜੋ ਕਿ ਗਿਣੀ ਮਿਥੀ ਯੋਜਨਾ ਰਾਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਾਰ ਦਹਾਕੇ ਬਾਅਦ ਵੀ ਪੀੜਤ ਪਰਿਵਾਰਾਂ ਨੂੰ ਨਿਆ ਅਤੇ ਇਨਸਾਫ਼ ਨਾ ਮਿਲਣਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਤੇ ਨਿਆਂ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਲੰਮੇ ਸਮੇਂ ਤੋਂ ਕਰ ਰਹੇ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖਣਗੇ। ਜਿੰਨਾਂ ਚਿਰ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਕਿਉਕਿ ਅੱਜ ਵੀ ਪੀੜਤ ਪਰਿਵਾਰ ਗੁਰਬਤ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ, ਕਿਉਂਕਿ ਨਵੰਬਰ 1984 ਦੇ ਦੁਖਾਂਤ ਨੇ ਸਭ ਕੁੱਝ ਮਲੀਆਮੇਟ ਕਰਕੇ ਰੱਖ ਦਿੱਤਾ। ਇਸ ਮੌਕੇ ਪੀੜਤ ਗੁਰਜੀਤ ਸਿੰਘ ਪਟੌਦੀ, ਸੁਰਜੀਤ ਸਿੰਘ ਖਾਲਸਾ ਅੰਮ੍ਰਿਤਸਰ, ਗੁਰਦੀਪ ਸਿੰਘ ਕੁਰੂਕਸ਼ੇਤਰ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵੀ ਹਾਜ਼ਰ ਸਨ।
