ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਯ ਪੁਰਸਕਾਰ ਦਾ ਇਨਾਮ ਵੰਡ ਸਮਾਗਮ ਹੋਇਆ ਮੁਕੰਮਲ
SangholTimes/ਐਸ.ਏ.ਐਸਨਗਰ/30ਮਈ,2022 –
ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਵੱਛ ਵਿਦਿਆਲਯ ਪੁਰਸਕਾਰ 2021-22 ਦੇ ਜੇਤੂ ਸਕੂਲ ਮੁਖੀਆਂ ਨੂੰ ਇਨਾਮ ਵੰਡ ਸਮਾਗਮ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕਰਵਾਏ ਗਏ ।
ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਰਜੀਤ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਵਿੰਗਸ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੁਆਰਾ ਅਪਲਾਈ ਕੀਤੇ ਗਏ ਸਵੱਛ ਵਿਦਿਆਲਯ ਪੁਰਸਕਾਰ ਜੇਤੂ ਸਕੂਲ ਮੁਖੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਜੇਤੂ ਸਕੂਲ ਮੁਖੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਸਕੂਲ ਮੁਖੀਆਂ ਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਾਲ਼ੀ ਪੂਰੀ ਟੀਮ ਜਿਸ ਵਿੱਚ ਸੈਕੰਡਰੀ ਵਿੰਗ ਨੋਡਲ ਅਫ਼ਸਰ ਪ੍ਰਿੰਸੀਪਲ ਸੰਧਿਆ ਸ਼ਰਮਾਂ, ਜ਼ਿਲ੍ਹਾ ਕੋਆਰਡੀਨੇਟਰ ਸਵੱਛ ਵਿਦਿਆਲਯ ਨਿਸ਼ਾ ਗੁਪਤਾ ਦਾ ਖ਼ਾਸ ਧੰਨਵਾਦ ਕੀਤਾ। ਇਸ ਮੌਕੇ ਜੇਤੂ ਸਕੂਲ ਮੁਖੀਆਂ ਨੂੰ ਸਕੂਲਾਂ ਨੂੰ ਸਾਫ਼ ਸੁਥਰਾ ਰੱਖਣ ਲਈ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਅਤੇ ਸਕੂਲ ਮੁਖੀਆਂ ਨੂੰ ਸਮੂਹ ਸਟਾਫ਼, ਬੱਚਿਆਂ ਅਤੇ ਸਮੁਦਾਏ ਨਾਲ਼ ਸਾਫ਼ ਸਫ਼ਾਈ ਮੁਹਿੰਮ ਬਾਰੇ ਪ੍ਰੇਰਿਤ ਕੀਤਾ, ਸਕੂਲਾਂ ਦੇ ਹੁਸ਼ਿਆਰ ਅਤੇ ਗ਼ਰੀਬ ਜਾਂ ਲੋੜਵੰਦ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਕਾਲਜਾਂ ਦੀਆਂ ਫੀਸਾਂ ਲਈ ਨਿਸ਼ਕਾਮ ਸੇਵਾ ਸੰਸਥਾ ਅਤੇ ਹੋਰ ਐਨਜੀਓ ਵੱਲੋਂ ਸਪੌਂਸਰਡ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਅਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਸਾਇੰਸ ਸਟਰੀਮ ਦੇ ਲੋੜਵੰਦ ਅਤੇ ਚਾਹਵਾਨ ਵਿਦਿਆਰਥੀਆਂ ਨੂੰ ਵੱਡੇ ਅਤੇ ਵਧੀਆ ਕੋਚਿੰਗ ਅਤੇ ਸੰਸਥਾਵਾਂ ਤੋਂ ਤਿਆਰੀ ਕਰਵਾਉਣ ਲਈ ਅਤੇ ਸਟੱਡੀ ਮੈਟੀਰੀਅਲ ਦਿਵਾਉਣ ਸੰਬੰਧੀ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ।
ਉਹਨਾਂ ਦੁਆਰਾ ਸਕੂਲ ਮੁਖੀਆਂ ਤੋਂ ਸੁਝਾਅ ਵੀ ਲਏ ਗਏ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਇੰਸ ਸਿਟੀ ਮਾਡਲ ਵਰਗਾ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ ਤਾਂ ਕਿ ਬੱਚਿਆਂ ਨੂੰ ਸਾਇੰਸ ਗਤੀਵਿਧੀਆਂ ਨਾਲ਼ ਜੋੜਿਆ ਜਾ ਸਕੇ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ ਨੇ ਵੀ ਜੇਤੂ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ। ਹੋਰ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਸੰਧਿਆ ਸ਼ਰਮਾਂ ਨੇ ਦੱਸਿਆ ਕਿ ਜੇਤੂ ਅੱਠ ਸਕੂਲ ਜਿਨ੍ਹਾਂ ਵਿੱਚ ਪੇਂਡੂ ਖੇਤਰ ਵਿੱਚ ਹਾਈ ਸਕੂਲ ਰਾਮਗੜ੍ਹ ਰੁੜਕੀ, ਸੀਨੀਅਰ ਸੈਕੰਡਰੀ ਸਕੂਲ ਝੰਜੇੜੀ, ਸੀਨੀਅਰ ਸੈਕੰਡਰੀ ਸਕੂਲ ਮਜਾਤੜੀ, ਮਿਡਲ ਸਕੂਲ ਚਾਹੜ ਮਾਜਰਾ, ਪ੍ਰਾਇਮਰੀ ਸਕੂਲ ਫਤਹਿਪੁਰ, ਪ੍ਰਾਇਮਰੀ ਸਕੂਲ ਸੁਹਾਲੀ ਅਤੇ ਸ਼ਹਿਰੀ ਖੇਤਰ ਵਿੱਚ ਗੁਰੂਕੁਲ ਡੇਰਾਬੱਸੀ, ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਨੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਸਬ ਕੈਟਾਗਰੀ ਦੀਆਂ ਛੇ ਵੰਨਗੀਆਂ ਪੀਣ ਯੋਗ ਪਾਣੀ, ਪਖ਼ਾਨੇ, ਓਪਰੇਸ਼ਨ ਅਤੇ ਮੈਂਟੀਨੈਂਸ, ਹੱਥਾਂ ਦੀ ਸਫ਼ਾਈ,ਬਿਹੇਵੀਅਰ ਚੇਂਜ ਐਂਡ ਕੈਪਿਸਿਟੀ ਬਿਲਡਿੰਗ ਅਤੇ ਕੋਵਿਡ-19 ਦੀਆ ਤਿਆਰੀਆਂ ਵਿੱਚ 30 ਸਕੂਲਾਂ ਵਿੱਚ ਪ੍ਰਾਇਮਰੀ ਸਕੂਲ ਸੁਹਾਲੀ,ਹਾਈ ਸਕੂਲ ਰਾਮਗੜ੍ਹ ਰੁੜਕੀ, ਗੁਰੂਕੁਲ ਡੇਰਾਬੱਸੀ, ਪ੍ਰਾਇਮਰੀ ਸਕੂਲ ਸਮਗੋਲੀ, ਪ੍ਰਾਇਮਰੀ ਸਕੂਲ ਬੇਹੜਾ, ਮਿਡਲ ਸਕੂਲ ਤੋਗਾ,ਸੇਂਟ ਪਾਲ ਇੰਟਰਨੈਸ਼ਨਲ ਸਕੂਲ, ਸੀਨੀਅਰ ਸੈਕੰਡਰੀ ਸਕੂਲ ਝੰਜੇੜੀ,ਸ਼ਿਸ਼ੂ ਨਿਕੇਤਨ,ਕੇਵੀ ਦੱਪਰ, ਪ੍ਰਾਇਮਰੀ ਸਕੂਲ ਫੇਜ਼-11, ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ, ਪ੍ਰਾਇਮਰੀ ਸਕੂਲ ਅੰਧਰੇੜੀ ਨੇ ਵੱਖ ਵੱਖ ਵੰਨਗੀਆਂ ਵਿੱਚ ਹੋਰ ਵਾਧੂ ਪੁਰਸਕਾਰ ਪ੍ਰਾਪਤ ਕੀਤੇ। ਓਵਰਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਜੇੜੀ ਅਤੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਰੁੜਕੀ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ । ਉਹਨਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ 113 ਨਿਰੀਖਣ ਟੀਮਾਂ ਲਗਾਕੇ ਇਸ ਕੰਮ ਵਿੱਚ ਸੈਂਟਰ ਹੈੱਡ ਟੀਚਰਜ਼, ਸਕੂਲ ਮੁੱਖ ਅਧਿਆਪਕ, ਪ੍ਰਿੰਸੀਪਲ, ਬੀਐੱਨਓ, ਡੀਐੱਮ ਬੀਪੀਈਓ ਦੀ ਸਖ਼ਤ ਮਿਹਨਤ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਗਿਆ।
ਇਸ ਮੌਕੇ ਜੇਤੂ ਸਕੂਲ ਮੁਖੀਆਂ ਸਮੇਤ ਪ੍ਰਿੰਸੀਪਲ ਕਸ਼ਮੀਰ ਕੌਰ ਮਜਾਤੜੀ, ਪ੍ਰਿੰਸੀਪਲ ਕੰਵਲਜੀਤ ਕੌਰ ਝੰਜੇੜੀ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ,ਡੀਐੱਮ ਆਈਸੀਟੀ ਜਸਵੀਰ ਕੌਰ, ਕੋਮਲ ਡੀਈਓ ਆਫਿਸ ਹਾਜ਼ਰ ਸਨ।
—