
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਾਇੰਸ ਔਡੀਟੋਰੀਅਮ ਵਿੱਚ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਭਗਤ ਸਿੰਘ ਤੇ ਅੱਜ ਦਾ ਸਮਾਂ’ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ
ਪਟਿਆਲ਼ਾ/SANGHOL-TIMES/BUREAU/28.09.2024ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਾਇੰਸ ਔਡੀਟੋਰੀਅਮ ਵਿੱਚ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਭਗਤ ਸਿੰਘ ਤੇ ਅੱਜ ਦਾ ਸਮਾਂ’ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ। ਸਟੇਜ ਦੀ ਬਕਾਇਦਾ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਸਾਥੀਆਂ ਨੇ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਜੱਥੇਬੰਦੀ ਦੇ ਕਾਰਕੁੰਨਾਂ ਹਰਮਨ, ਮੌਸਮ, ਦਿਲਪ੍ਰੀਤ ਤੇ ਬਸੰਤ ਨੇ ਇਨਕਲਾਬੀ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।
ਇਸ ਤੋਂ ਮਗਰੋਂ ਮੁੱਖ ਬੁਲਾਰੇ ਮਾਨਵਜੋਤ (ਸਮਾਜਕ ਕਾਰਕੁੰਨ ਤੇ ਸੰਪਾਦਕ, ਇਨਕਲਾਬੀ ਅਖਬਾਰ ‘ਲਲਕਾਰ’) ਨੇ ਵਿਸ਼ੇ ਉੱਤੇ ਗੱਲ ਕੀਤੀ। ਮਾਨਵਜੋਤ ਨੇ ਅੱਜ ਦੇ ਸੰਦਰਭ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਿਕਤਾ ਦੱਸਦੇ ਹੋਏ ਕਿਹਾ ਕਿ ਮੌਜੂਦਾ ਲੋਟੂ ਢਾਂਚੇ ਅੰਦਰ ਭਗਤ ਸਿੰਘ ਦੇ ਵਿਚਾਰਾਂ ਦੀ ਸਾਨੂੰ ਅਣਸਰਦੀ ਲੋੜ ਹੈ। ਵਰਤਮਾਨ ਸਮੇਂ ਦੀਆਂ ਦਿੱਕਤਾਂ, ਅਲਾਮਤਾਂ ਜਿਵੇਂ ਬੇਰੁਜਗਾਰੀ, ਭੁੱਖਮਰੀ, ਅਮੀਰ-ਗਰੀਬ ਦਾ ਵਧਦਾ ਪਾੜਾ, ਸਾਮਰਾਜੀ ਜੰਗਾਂ ਦੀ ਜੜ੍ਹ ਇਹ ਸਰਮਾਏਦਾਰਾ-ਸਾਮਰਾਜੀ ਢਾਂਚਾ ਹੈ। ਇਸ ਢਾਂਚੇ ਨੂੰ ਜੜੋਂ ਬਦਲਕੇ ਹੀ ਇਹਨਾਂ ਅਲਾਮਤਾਂ ਤੋਂ ਛੁਟਕਾਰਾ ਹਾਸਲ ਹੋ ਸਕਦਾ ਹੈ। ਭਗਤ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਇਸੇ ਗੱਲ ਉੱਤੇ ਜੋਰ ਦਿੱਤਾ ਹੈ ਤੇ ਉਹਨਾਂ ਵੱਲੋਂ ‘ਇਨਕਲਾਬ ਜਿੰਦਾਬਾਦ, ਸਾਮਰਾਜ ਮੁਰਦਾਬਾਦ’ ਦੇ ਨਾਅਰੇ ਦਾ ਮਤਲਬ ਹੀ ਇਸ ਵਰਤਮਾਨ ਢਾਂਚੇ ਦੀ ਥਾਵੇਂ ਸਮਾਜਵਾਦੀ ਢਾਂਚੇ ਦੀ ਉਸਾਰੀ ਹੈ। ਬੁਲਾਰੇ ਨੇ ਭਗਤ ਸਿੰਘ ਦੇ ਭਗਤ ਸਿੰਘ ਬਣਨ ਦੀ ਇਤਿਹਾਸਕ ਪ੍ਰਕਿਰਿਆ ਦੀ ਵਿਆਖਿਆ ਕਰਦਿਆਂ ਕਿਹਾ ਕਿ ਆਪਣੇ ਸਮਕਾਲੀਆਂ ਨਾਲ਼ੋਂ ਭਗਤ ਸਿੰਘ ਦੇ ਵਿਚਾਰ ਵਧੇਰੇ ਵਿਗਿਆਨਕ, ਵਧੇਰੇ ਪਰਪੱਕ ਹੋਣ ਸਦਕਾ ਹੀ ਉਹਨਾਂ ਦਾ ਵਿਸ਼ੇਸ਼ ਦਰਜਾ ਹੈ। ਬੁਲਾਰੇ ਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਵਿਗਾੜਕੇ ਪੇਸ਼ ਕਰਨ ਵਾਲ਼ੀਆਂ ਸਰਕਾਰਾਂ, ਮੀਡੀਆ ਬਾਰੇ ਕਿਹਾ ਕਿ ਅਸਲ ਵਿੱਚ ਭਗਤ ਸਿੰਘ ਦੇ ਵਿਚਾਰ ਮੌਜੂਦਾ ਹਾਕਮਾਂ ਦੇ ਹਿੱਤਾਂ ਦੇ ਵਿਰੋਧ ਵਿੱਚ ਜਾਂਦੇ ਹਨ ਜਿਹਨਾਂ ਦਾ ਸਵਰਗ ਹੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਵਾਲ਼ੇ ਇਸ ਢਾਂਚੇ ਵਿੱਚ ਹੈ ਜਦਕਿ ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੀ ਗੱਲ ਕਰਦਾ ਸੀ।
ਭਗਤ ਸਿੰਘ ਦੇ ਵਿਚਾਰਾਂ ਦੇ ਨਾਲ਼-ਨਾਲ਼ ਬੁਲਾਰੇ ਨੇ ਭਗਤ ਸਿੰਘ ਦੀ ਸ਼ਖਸੀਅਤ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਤ ਸਿੰਘ ਦਾ ਮਿਲਾਪੜਾ ਸੁਭਾਅ ਹੀ ਉਸ ਨੂੰ ਆਪਣੇ ਸਾਥੀਆਂ ਵਿੱਚ ਹਰਮਨ ਪਿਆਰਾ ਬਣਾਉਂਦਾ ਸੀ। ਨਾਲ਼ ਹੀ ਉਹਨਾਂ ਦਾ ਇਨਕਲਾਬੀ ਸਿਰੜ, ਲੋਕਾਂ ਦੀ ਮੁਕਤੀ ਲਈ ਆਪਾ ਵਾਰੂ ਜਜਬਾ ਉਹ ਗੁਣ ਹਨ। ਜਿਸ ਤੋਂ ਬਿਨਾਂ ਭਗਤ ਸਿੰਘ ਭਗਤ ਸਿੰਘ ਨਹੀਂ ਸੀ ਬਣ ਸਕਦਾ।
ਅੰਤ ਵਿੱਚ ਬੁਲਾਰੇ ਨੇ ਹਾਜਰ ਸਰੋਤਿਆਂ ਨੂੰ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਣਨ ਤੇ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ। ਇਸ ਤੋਂ ਮਗਰੋਂ ਹਾਜਰ ਵਿਦਿਆਰਥੀਆਂ ਨੇ ਬੁਲਾਰੇ ਨੂੰ ਸਵਾਲ ਕੀਤੇ ਜਿਸ ਨਾਲ਼ ਵਿਸ਼ੇ ਉੱਤੇ ਹੋਰ ਡੂੰਘੀ ਚਰਚਾ ਹੋਈ, ਅੰਤ ਵਿੱਚ ਹਾਜਰ ਸਰੋਤਿਆਂ ਤੇ ਮੁੱਖ ਬੁਲਾਰੇ ਦਾ ਮੰਚ ਸੰਚਾਲਕ ਵੱਲੋਂ ਧੰਨਵਾਦ ਕੀਤਾ ਗਿਆ,
ਇਸ ਪ੍ਰੋਗਰਾਮ ਵਿੱਚ ਪੀ.ਐੱਸ.ਯੂ (ਲਲਕਾਰ) ਦੇ ਸਾਥੀ ਰਤਨ ਨੇ ਮੰਚ ਸੰਚਾਲਨ ਕੀਤਾ। ਹਾਲ ਦੇ ਬਾਹਰ ਪੀ.ਐੱਸ.ਯੂ (ਲਲਕਾਰ) ਦੇ ਸਾਥੀਆਂ ਦੇ ਸਹਿਯੋਗ ਨਾਲ਼ ਅਦਾਰਾ ਜਨਚੇਤਨਾ ਨੇ ਅਗਾਂਹਵਧੂ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਲਈ ਪੁਸਤਕ ਨੁਮਾਇਸ਼ ਲਾਈ।