ਬਹਿਰੀਨ ਵਿੱਚ ਹੋਈ ਪੈਰਾ ਤਾਇਕਵਾਂਡੋ ਵਿੱਚ ਗੋਲਡ ਮੈਡਲ ਜੇਤੂ ਕਰਿਸ਼ਮਾ ਰਾਵਤ ਦਾ ਕੌਂਸਲਰ ਹਰਦੀਪ ਬੁਟੇਰਲਾ ਵੱਲੋਂ ਸਨਮਾਨ
– ਕਰਿਸ਼ਮਾ ਰਾਵਤ ਨੇ ਵਿਦੇਸ਼ ਦੀ ਧਰਤੀ ਉਤੇ ਗੋਲਡ ਮੈਡਲ ਜਿੱਤ ਕੇ ਪਿੰਡ ਬੁਟੇਰਲਾ ਦਾ ਨਾਂ ਰੌਸ਼ਨ ਕੀਤਾ : ਹਰਦੀਪ ਬੁਟੇਰਲਾ
ਚੰਡੀਗੜ੍ਹ/Sanghol-Times/29 ਨਵੰਬਰ,2024(ਹਰਮਿੰਦਰ ਸਿੰਘ ਨਾਗਪਾਲ) –
ਚੰਡੀਗੜ੍ਹ ਦੇ ਪਿੰਡ ਬੁਟੇਰਲਾ ਦੀ ਵਸਨੀਕ ਕਰਿਸ਼ਮਾ ਰਾਵਤ ਨਾਂ ਦੀ ਲੜਕੀ ਨੇ ਬਹਿਰੀਨ ਦੇਸ਼ ਵਿੱਚ ਹੋਈ ਪਹਿਲੀ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਆਪਣੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਪਿੰਡ ਪਹੁੰਚਣ ’ਤੇ ਜਿੱਥੇ ਪਿੰਡ ਵਿੱਚ ਖੁਸ਼ੀ ਮਨਾਈ ਗਈ, ਉਥੇ ਹੀ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਕਰਿਸ਼ਮਾ ਰਾਵਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਢੋਲ ਦੀ ਥਾਪ ਉਤੇ ਭੰਗੜਾ ਪਾਇਆ ਅਤੇ ਫੁੱਲਾਂ ਦੇ ਹਾਰ ਪਹਿਨਾ ਕੇ ਕਰਿਸ਼ਮਾ ਦਾ ਸਵਾਗਤ ਕੀਤਾ ਅਤੇ ਲੱਡੂ ਵੰਡੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਬੁਟੇਰਲਾ ਨੇ ਕਰਿਸ਼ਮਾ ਦੇ ਮਾਤਾ ਨੂੰ ਵਧਾਈ ਦਿੱਤੀ ਅਤੇ ਬੇਟੀਆਂ ਨੂੰ ਆਪਣੇ ਉਤੇ ਬੋਝ ਸਮਝਣ ਵਾਲੇ ਲੋਕਾਂ ਨੂੰ ਨਸੀਹਤ ਵੀ ਦਿੱਤੀ ਕਿ ਜੇਕਰ ਬੇਟੀਆਂ ਨੂੰ ਪੂਰੇ ਪਿਆਰ ਨਾਲ ਪਾਲਣ ਪੋਸ਼ਣ ਕੀਤਾ ਜਾਵੇ ਤਾਂ ਕਰਿਸ਼ਮਾ ਦੀ ਤਰ੍ਹਾਂ ਨਾਮ ਰੌਸ਼ਨ ਵੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ 50 ਪ੍ਰਤੀਸ਼ਤ ਹੈਂਡੀਕੈਪਡ ਹੋਣ ਦੇ ਬਾਵਜੂਦ ਉਸ ਨੇ ਆਪਣਾ ਹੌਂਸਲਾ ਬੁਲੰਦ ਰੱਖਿਆ ਅਤੇ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ।
ਕਰਿਸ਼ਮਾ ਦੇ ਪਿਤਾ ਕਮਲ ਸਿੰਘ ਅਤੇ ਮਾਤਾ ਅਨੀਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਸਿਰਫ਼ ਦੋ ਬੇਟੀਆਂ ਹੀ ਹਨ। ਇਹ ਵੱਡੀ ਬੇਟੀ ਕਰਿਸ਼ਮਾ ਆਪਣੀ ਪੋਸਟ ਗਰੈਜੂਏਟ ਡਿਗਰੀ ਕਰਨ ਉਪਰੰਤ ਤਾਇਕਵਾਂਡੋ ਦੀ ਤਿਆਰੀ ਵਿੱਚ ਰੁੱਝ ਗਈ ਸੀ। ਕੋਚ ਮਨਜੀਤ ਨੇਗੀ ਵੱਲੋਂ ਕਰਵਾਈ ਮਿਹਨਤ ਸਦਕਾ ਅੱਜ ਉਨ੍ਹਾਂ ਦੀ ਇਹ ਹੈਂਡੀਕੈਪਡ ਬੇਟੀ ਵਿਦੇਸ਼ਾਂ ਵਿੱਚ ਨਾਮ ਰੌਸ਼ਨ ਕਰਨ ਦੇ ਕਾਬਿਲ ਬਣੀ ਜਿਸ ਦੇ ਲਈ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ।
ਇਸ ਮੌਕੇ ਗੁਰਬਖਸ਼ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ, ਕਮਲਜੀਤ ਸਿੰਘ ਧਨਾਸ, ਸੰਤ ਲਾਲ, ਅਵਤਾਰ ਸਿੰਘ, ਸੁੱਚਾ ਸਿੰਘ ਅਤੇ ਗਗਨ ਵੀ ਹਾਜ਼ਰ ਸਨ।
