ਵੀਰ ਬਾਲ ਦਿਵਸ: ਸਾਹਸ, ਕੁਰਬਾਨੀ ਤੇ ਆਪਸੀ ਸਦਭਾਵਨਾ ਦਾ ਦਿਨ-ਡਾ.ਵਿਜੈ ਸਤਬੀਰ ਸਿੰਘ
ਅੰਮ੍ਰਿਤਸਰ/SANGHOL-TIMES/ਰਣਜੀਤ-ਸਿੰਘ-ਮਸੌਣ/25 ਦਸੰਬਰ2024 –
ਹਰ ਸਾਲ ਅਦੁੱਤੀ ਸਾਹਸ ਦਾ ਦਿਨ 26 ਦਸੰਬਰ ਦਾ ਦਿਨ ‘ਵੀਰ ਬਾਲ ਦਿਵਸ’ ਨੂੰ ਸਮਰਪਿਤ ਹੈ। ਇਸ ਮਹਾਨ ਪਾਵਨ ਇਤਿਹਾਸਕ ਦਿਹਾੜੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਬੇਮਿਸਾਲ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਅਦੁੱਤੀ ਸ਼ਹਾਦਤ ਆਪਣੇ ਧਰਮ ਅਤੇ ਪ੍ਰੰਪਰਾਵਾਂ ‘ਤੇ ਅਡਿੱਗ ਖੜ੍ਹੇ ਰਹਿਣ ਦਾ ਅਤੁੱਟ ਵਿਸ਼ਵਾਸ ਸਮੁੱਚੀ ਮਾਨਵਤਾ ਲਈ ਬੇਜੋੜ ਹਿੰਮਤ ਤੇ ਡੂੰਘੀ ਪ੍ਰੇਰਨਾ ਦੇ ਸਰੋਤ ਹਨ। ਬੇਮਿਸਾਲ ਦਲੇਰੀ ਤੇ ਕੁਰਬਾਨੀ: 27 ਦਸੰਬਰ ਸੰਨ 1704 ਵਿੱਚ ਛੋਟੇ ਸਾਹਿਬਜ਼ਾਦੇ, ਮਹਿਜ 8 ਤੇ 6 ਸਾਲ ਦੀ ਉਮਰ ਵਿੱਚ ਮੁਗਲ ਹਕੂਮਤ ਦੁਆਰਾ ਕ਼ੈਦ ਕਰ ਲਏ ਗਏ ਅਤੇ ਅਣਮਨੁੱਖੀ ਤਸੀਹੇ ਦਿੱਤੇ ਗਏ। ਆਪਣਾ ਧਰਮ ਛੱਡਣ ਅਤੇ ਇਸਲਾਮ ਕਬੂਲ ਕਰਵਾਉਣ ਲਈ ਉਨ੍ਹਾਂ ਨੂੰ ਭਾਰੀ ਲਾਲਚ ਦਿੱਤੇ ਗਏ, ਦਬਾਅ ਪਾਇਆ ਗਿਆ ਪਰ ਇਸ ਸਭ ਕੁੱਝ ਦੇ ਬਾਵਜ਼ੂਦ, ਗੁਰੂ ਕੇ ਬਹਾਦਰ ਸਾਹਿਬਜ਼ਾਦੇ ਆਪਣੇ ਧਰਮ ਅਤੇ ਵਿਸ਼ਵਾਸ਼ ਤੇ ਅਟੱਲ ਰਹੇ। ਅੰਤ ਸੂਬਾ ਸਰਹੰਦ ਵੱਲੋਂ ਉਨ੍ਹਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ ਗਿਆ। ਛੋਟੇ ਸਾਹਿਬਜ਼ਾਦਿਆਂ ਨੇ ਗੌਰਵਮਈ ਸ਼ਹੀਦੀ ਪ੍ਰਾਪਤ ਕੀਤੀ ਅਤੇ ਇਤਿਹਾਸ ਦੇ ਪੰਨਿਆਂ ‘ਤੇ ਇੱਕ ਅਮਿੱਟ ਅਤੇ ਚਿਰ ਸਥਾਈ ਨਿਸ਼ਾਨ ਸਥਾਪਤ ਕਰ ਗਏ ਕਿ ਧਾਰਮਿਕ ਅਜ਼ਾਦੀ ਲਈ ਜ਼ੁਲਮ ਅੱਗੇ ਕਿਵੇਂ ਚਟਾਨ ਵਾਂਗ ਅਡਿੱਗ ਖੜੇ ਰਹਿਣਾ ਹੈ। ਉਨ੍ਹਾਂ ਦੀ ਸ਼ਹਾਦਤ ਕੇਵਲ ਆਪਣੇ ਧਰਮ ਦੀ ਰੱਖਿਆ ਵਾਸਤੇ ਹੀ ਨਹੀਂ ਸੀ, ਸਗੋਂ ਇਹ ਸ਼ਹਾਦਤ ਸਮੁੱਚੀ ਮਾਨਵਤਾ ਲਈ ਧਾਰਮਿਕ ਹੱਦਾਂ ਤੋਂ ਪਾਰ ਨਿਆਂ ਦੇ ਵਿਆਪਕ ਸਿਧਾਂਤਾ, ਅਜ਼ਾਦੀ ਤੇ ਵਿਸ਼ਵਾਸ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਸੀ।
ਭਾਈਚਾਰਕ ਸਾਂਝ ਦਾ ਸੰਦੇਸ਼ :- ਇਹ ਸ਼ਹਾਦਤ ਸਾਨੂੰ ਆਪਣੇ ਭਾਈਚਾਰੇ ਦੀ ਮਜ਼ਬੂਤੀ, ਵਿਭਿੰਨ ਸੱਭਿਆਚਾਰ ਤੇ ਇੱਕ ਦੂਜੇ ਦੇ ਧਾਰਮਿਕ ਅਕੀਦੇ ਦੀ ਕਦਰ ਕਰਨ ਦਾ ਸੰਦੇਸ਼ ਵੀ ਦਿੰਦੀ ਹੈ।
ਮਾਨਵਤਾ ਨੂੰ ਇਕਜੁੱਟ ਕਰਨ ਵਾਲੀਆਂ ਕਦਰਾਂ ਕੀਮਤਾਂ ਲਈ ਸ਼ਹਾਦਤ:-
ਮਾਨਵ ਜ਼ਿੰਦਗੀ ਦਾ ਅਸਲ ਮਕਸਦ ਤੇ ਸਫ਼ਲਤਾ, ਮਾਨਵਤਾਂ ਦੀ ਸੇਵਾ ਅਤੇ ਪੀੜਤ ਧਿਰ ਦੇ ਬਚਾਅ ਵਿੱਚ ਹੀ ਹੈ । ਸੱਚ ਤਾਂ ਇਹ ਹੈ ਕਿ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਵੰਡ ਦੇ ਬਾਵਜ਼ੂਦ ਸਾਰੇ ਧਰਮਾਂ ਦਾ ਸਾਰ ਆਪਸ ਵਿੱਚ ਪ੍ਰੇਮ, ਪਿਆਰ, ਸ਼ਾਂਤੀ ਤੇ ਸੁਹਿਰਦਤਾ ਨਾਲ ਵਿਚਰਨ ਵਿੱਚ ਹੈ ।
ਵੀਰ ਬਾਲ ਦਿਵਸ ਮਨਾਉਂਦੇ ਹੋਏ, ਇਸ ਦਿਨ ਆਉ, ਅਸੀਂ ਇੱਕਠੇ ਹੋ ਕੇ ਆਪਣੇ ਸਕੂਲੀ ਸੰਸਥਾਵਾਂ ਵਿੱਚ ਸਾਡੀ ਅਨਮੋਲ ਵਿਰਾਸਤ ਦਾ ਸਨਮਾਨ ਕਰਨ ਤੇ ਉਸ ਨੂੰ ਸੰਭਾਲਣ ਲਈ ਪ੍ਰੋਗਰਾਮਾਂ ਦਾ ਆਯੋਜਨ ਕਰੀਏ ਇਸ ਤੋਂ ਸਾਡੇ ਦੇਸ਼ ਦੇ ਬੱਚਿਆਂ ਨੂੰ ਨੇਕੀ, ਸਚਾਈ ਤੇ ਆਪਸੀ ਭਾਈਚਾਰੇ ਦੇ ਮਾਰਗ ਤੇ ਦ੍ਰਿੜਤਾ ਨਾਲ ਚੱਲਣ ਦੀ ਪ੍ਰੇਰਨਾ ਅਵੱਸ਼ ਮਿਲੇਗੀ ਵੱਡੇ ਆਸ਼ੇ ਲਈ ਸ਼ਹਾਦਤ:- ਸਾਹਿਬਾਜ਼ਾਦਿਆਂ ਦੀ ਪਾਵਨ ਸ਼ਹਾਦਤ ਦੀ ਸਾਰਥਿਕਤਾ ਤੇ ਮਹੱਤਵ ਜਿਤਨਾ ਕੱਲ੍ਹ ਸੀ, ਉਤਨਾ ਹੀ ਅੱਜ ਹੈ ਤੇ ਭਵਿੱਖ ਵਿੱਚ ਵੀ ਹਮੇਸ਼ਾ ਲਈ ਰਹੇਂਗਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਮੁਸੀਬਤ ਵਿੱਚ ਹਿੰਮਤ ਤੇ ਦ੍ਰਿੜਤਾ ਨਾਲ ਕਿਵੇਂ ਖੜ੍ਹੇ ਰਹਿਣਾ ਹੈ ਅਤੇ ਸਚਿਆਈ ਤੇ ਨਿਆਂ ਲਈ, ਮੌਤ ਦੀ ਪ੍ਰਵਾਹ ਕਰੇ ਬਗੈਰ, ਜ਼ੁਲਮ ਦੀ ਇੰਤਾਹ ਨੂੰ ਕਿਵੇਂ ਬੇਅਰਥ ਕਰਨਾ ਹੈ। ਅੰਤਰ ਧਰਮ ਸੰਵਾਦ:- ਆਪਣੇ ਸਕੂਲਾਂ, ਕਾਲਜਾਂ ਤੇ ਸੰਸਥਾਵਾਂ ਵਿੱਚ ਅੰਤਰ ਧਰਮ ਸੰਵਾਦ ਗੋਸ਼ਟੀਆਂ ਦਾ ਆਯੋਜਨ ਕਰੋਂ। ਇਸ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਮਿਲੇਗੀ ਦਿਆਲਤਾ ਦੇ ਕੰਮ:- ਇਸ ਪਾਵਨ ਦਿਹਾੜੇ ਨੂੰ ਜ਼ਰੂਰਤਮੰਦਾਂ ਦੀ ਮੱਦਦ ਲਈ ਸਮਰਪਿਤ ਕਰੋਂ। ਵੀਰ ਬਾਲ ਦਿਵਸ ਮਹਿਜ ਇੱਕ ਯਾਦਗਰੀ ਦਿਨ ਹੀ ਨਹੀਂ, ਸਗੋਂ ਇਹ ਇੱਕ ਤਾਕੀਦ ਹੈ ਕੁੱਝ ਕਰ ਗੁਜ਼ਰਨ ਦੀ। ਇਹ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਪਣੀ ਵਿਰਾਸਤ ਨੂੰ ਕਾਇਮ ਰੱਖਣ ਲਈ ਬੇਇਨਸਾਫ਼ੀ ਦੇ ਖਿਲਾਫ਼ ਕਿਵੇਂ ਖੜ੍ਹੇ ਰਹਿਣਾ ਹੈ, ਆਪਸੀ ਭਾਈਚਾਰਕ ਸਾਂਝ ਤੇ ਪਿਆਰ ਨੂੰ ਕਿਵੇਂ ਅੱਗੇ ਵਧਾਉਣਾ ਹੈ। ਉਨ੍ਹਾਂ ਦੀ ਮਹਾਨ ਸ਼ਹਾਦਤ ਦਾ ਸਨਮਾਨ ਕਰਦੇ ਹੋਏ, ਆਓ! ਅਸੀਂ ਵੀ ਉਨ੍ਹਾਂ ਦੇ ਮਹਾਨ ਗੁਣਾਂ ਨੂੰ ਮੂਰਤੀਮਾਨ ਕਰਨ ਲਈ ਹਿੰਮਤ, ਏਕਤਾ ਤੇ ਭਾਈਚਾਰਕ ਸੰਦੇਸ਼ ਨੂੰ ਵਿਆਪਕ ਪੱਧਰ ਤੇ ਫ਼ੈਲਾਉਣ ਦਾ ਪ੍ਰਣ ਲਈਏ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ‘ਤੇ ਅਸੀਂ ਇਹ ਯਕੀਨੀ ਬਣਾਈਏ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ, ਉਨ੍ਹਾਂ ਦੀ ਸ਼ਹਾਦਤ ਤੋਂ ਹਮੇਸ਼ਾਂ ਪ੍ਰੇਰਨਾ ਲੈਂਦੀਆਂ ਰਹਿਣ।
