
ਕਰਨਲ ਸੋਫੀਆ ਕੁਰੇਸ਼ੀ ਖਿਲਾਫ ਵਿਵਾਦਤ ਟਿੱਪਣੀ : ਮੱਧ ਪ੍ਰਦੇਸ਼ ਹਾਈਕੋਰਟ ਵੱਲੋ ਬੀਜੇਪੀ ਮੰਤਰੀ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ
….
ਨਵੀਂ-ਦਿੱਲੀ/ਮੱਧ-ਪ੍ਰਦੇਸ਼/SANGHOL-TIMES/14 ਮਈ,2025(ਪੀਟੀਆਈ ਦੇ ਹਵਾਲੇ/ਮਲਕੀਤ ਸਿੰਘ ਭਾਮੀਆਂ) :- ਮੱਧ ਪ੍ਰਦੇਸ਼ ਹਾਈਕੋਰਟ ਨੇ ਸੈਨਾ ਦੀ ਅਧਿਕਾਰੀ ਕਰਨਲ ਸੋਫੀਆ ਕੁਰੇਸ਼ੀ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਵਿਵਾਦਤ ਟਿੱਪਣੀ ਲਈ ਸੂਬੇ ਦੇ ਮੰਤਰੀ ਵਿਜੈ ਸ਼ਾਹ ਖਿਲਾਫ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਕਰਨਲ ਕੁਰੇਸ਼ੀ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋ ਕੀਤੇ ਗਏ “ਅਪ੍ਰੇਸ਼ਨ ਸਿੰਦੂਰ” ਦਾ ਵੇਰਵਾ ਮੀਡੀਆ ਕਾਨਫਰੰਸ ਦੌਰਾਨ ਸਾਂਝਾ ਕੀਤਾ ਸੀ, ਜਿਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਸ਼ਾਹ ਵੀ ਸ਼ਾਮਲ ਹੋਏ ਸੀ। ਮੱਧ ਪ੍ਰਦੇਸ਼ ਸਰਕਾਰ ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰੀ ਅਤੇ ਭਾਜਪਾ ਨੇਤਾ ਵਿਜੈ ਸ਼ਾਹ ਨੇ ਕਰਨਲ ਸੋਫੀਆ ਕੁਰੇਸ਼ੀ ‘ਤੇ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਨੇ ਇਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਉਨ੍ਹਾਂ ਕਰਨਲ ਸੋਫੀਆ ਕੁਰੇਸ਼ੀ ਨੂੰ ਅੱਤਵਾਦੀਆਂ ਦੀ ਭੈਣ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਿਵਾਦਤ ਬਿਆਨ ਦਾ ਨੋਟਿਸ ਲੈਂਦਿਆਂ ਹਾਈਕੋਰਟ ਦੇ ਜਸਟਿਸ ਅਤੁਲ ਸ਼੍ਰੀਧਰਕ ਅਤੇ ਅਨੁਰਾਧਾ ਸ਼ੁਕਲਾ ਦੇ ਬੈਂਚ ਨੇ ਪੁਲਿਸ ਨੂੰ ਮੰਤਰੀ ਖਿਲਾਫ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਪੁਲਿਸ ਵਿਭਾਗ ਨੂੰ ਅੱਜ ਸ਼ਾਮ ਤੱਕ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ। ਬੈਂਚ ਨੇ ਕਿਹਾ ਕਿ ਐਫਆਈਆਰ ਦਰਜ ਹੋਣ ਬਾਰੇ ਅਦਾਲਤ ਨੂੰ ਸੂਚਿਤ ਕੀਤਾ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਸਵੇਰੇ 10:30 ਵਜ੍ਹੇ ਨਿਰਧਾਰਿਤ ਕੀਤੀ ਗਈ ਹੈ।