ਗੀਤ ਵਰਗੀ ਸ਼ਾਇਰਾ ਡਾ.ਹਰਬੰਸ ਕੌਰ ਗਿੱਲ ਦੇ ਗ਼ਜ਼ਲ-ਸੰਗ੍ਰਹਿ ‘ਰੂਹ ਦੇ ਰੰਗ’ ਦਾ ਲੋਕ-ਅਰਪਣ
SangholTimes/11.07.2022/Nagpal/Chandigarh – ਲੋਕਮੰਚ ਪੰਜਾਬ ਅਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੋਵਾਂ ਨੇ ਮਿਲਕੇ ਡਾ.ਹਰਬੰਸ ਕੌਰ ਗਿੱਲ ਦੇ ਗ਼ਜ਼ਲ-ਸੰਗ੍ਰਹਿ ‘ਰੂਹ ਦੇ ਰੰਗ’ ਦੇ ਲੋਕ ਅਰਪਣ ਸਮਾਗਮ ਦਾ ਆਯੋਜਨ ਪੰਜਾਬ ਕਲਾ ਭਵਨ ,ਚੰਡੀਗੜ੍ਹ ਵਿਖੇ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ.ਬੀਰ ਦਵਿੰਦਰ ਸਿੰਘ, ਸਾਬਕਾ ਡਿਪਟੀ ਸਪੀਕਰ, ਵਿਧਾਨ ਸਭਾ, ਪੰਜਾਬ ਨੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਡਾ.ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਕੀਤੀ ਗਈ। ਸੈਵੀ ਰਾਇਤ, ਪ੍ਰਧਾਨ, ਸਾਹਿਤ ਵਿਗਿਆਨ ਕੇਂਦਰ ਨੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਵਿਦਵਾਨਾਂ ਅਤੇ ਆਏ ਹੋਏ ਹੋਰ ਸਭ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪ੍ਰੋ. ਗੁਰਦੇਵ ਸਿੰਘ ਗਿੱਲ ਨੇ ਪ੍ਰਧਾਨਗੀ ਮੰਡਲ ਨਾਲ ਜਾਣ-ਪਹਿਚਾਣ ਬੜੇ ਹੀ ਦਿਲਚਸਪ ਢੰਗ ਨਾਲ ਕਰਵਾਈ। ਪ੍ਰੋਗਰਾਮ ਦੀ ਸ਼ੁਰੂਆਤ ਰੇਸ਼ਮੀ ਆਵਾਜ਼ ਵਾਲੀ ਗਾਇਕਾ ਦਵਿੰਦਰ ਕੌਰ ਢਿੱਲੋਂ ਵੱਲੋਂ ‘ਰੂਹ ਦੇ ਰੰਗ’ ਗ਼ਜ਼ਲ-ਸੰਗ੍ਰਹਿ ਦੀ ਪਹਿਲੀ ਧਾਰਮਿਕ ਰੰਗ ਵਾਲੀ ਗ਼ਜ਼ਲ ਗਾ ਕੇ ਕੀਤਾ ਗਿਆ। ਪੁਸਤਕ ਬਾਰੇ ਖੋਜ ਪੱਤਰ ਬਲਕਾਰ ਸਿੱਧੂ ਅਤੇ ਪ੍ਰੋ. ਅਵਤਾਰ ਸਿੰਘ ਪਤੰਗ ਵੱਲੋਂ ਪੇਸ਼ ਕੀਤੇ ਗਏ ਜਿਸ ਵਿੱਚ ਉਨ੍ਹਾਂ ਡਾ. ਗਿੱਲ ਦੀਆਂ ਗ਼ਜ਼ਲਾਂ ਦੀ ਛਾਣ-ਬੀਣ ਕਰਦਿਆਂ, ਉਹਨਾਂ ਨੂੰ ਉੱਚ ਦਰਜੇ ਦੀਆਂ ਦੱਸਿਆ। ਮੁੱਖ ਮਹਿਮਾਨ ਸ. ਬੀਰ ਦਵਿੰਦਰ ਸਿੰਘ ਨੇ ਡਾ. ਗਿੱਲ ਦੇ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਨੂੰ ਕੋਲ ਅਰਪਣ ਕਰਦਿਆਂ ਕਿਹਾ ਕਿ ਬੇਝਿਜਕ ਹੋ ਕੇ ਕਹਿਣ ਨੂੰ ਦਿਲ ਕਰਦਾ ਹੈ ਕਿ ਡਾ. ਗਿੱਲ ਵੱਲੋਂ ਵਰਤੇ ਗਏ ਚਿੰਨ੍ਹ, ਪ੍ਰਤੀਕ ਵਿਲ਼ੱਖਣ ਆਭਾ ਵਾਲੇ ਹਨ। ਪੰਜਾਬੀ ਸੱਭਿਆਚਾਰ, ਬੋਲੀ ਅਤੇ ਪੰਜਾਬ ਦਾ ਦਰਦ ਇਹਨਾਂ ਦੀਆਂ ਗ਼ਜ਼ਲਾਂ ਵਿੱਚੋਂ ਹਉਂਕੇ ਭਰਦਾ ਸੁਣਾਈ ਦਿੰਦਾ ਹੈ। ਸਾਰੇ ਸ਼ਿਅਰ ਨਵੇਂ ਨਰੋਏ ਅਤੇ ਭਾਵਕਤਾ ਦੇ ਰੰਗ ਵਿੱਚ ਰੰਗੇ ਹੋਏ ਹਨ। ਵਿਸ਼ੇਸ਼ ਮਹਿਮਾਨ ਡਾ.ਰਾਜਿੰਦਰਪਾਲ ਸਿੰਘ ਬਰਾੜ, ਡੀਨ ਲੈਂਗੁਏਜਿਜ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਗੀਤਾਂ ਵਰਗੀ ਸੂਖ਼ਮ ਸ਼ਾਇਰਾਂ ਦੀਆਂ ਗ਼ਜ਼ਲਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਡਾ. ਗਿੱਲ ਵਿੱਚ ਸੰਵੇਦਨਾ ਤੇ ਸਹਿਜ ਦੋਵੇਂ ਹੀ ਫੁੱਲ ਤੇ ਖੁਸ਼ਬੂ ਵਾਂਗ ਹਨ। ਹਰ ਸ਼ਿਅਰ ਵਿਹਾਰੀ ਹੈ ਜੋ ਦਿਲ ਦੀ ਤਹਿ ਤੱਕ ਉਤਰਨ ਦੀ ਸਮਰੱਥਾ ਰੱਖਦਾ ਹੈ।
ਇਸ ਮੌਕੇ ਤੇ ਗ਼ਜ਼ਲ ਉਸਤਾਦ ਸੁਲੱਖਣ ਸਰਹੱਦੀ ਨੇ ‘ਰੂਹ ਦੇ ਰੰਗ’ ਨੂੰ ਜਿੰਦਗੀ ਦੀ ਪ੍ਰਿਜ਼ਮ ਕਹਿ ਕਿ ਦੁਲਾਰਿਆ, ਜਿਸ ਵਿੱਚ ਜਿੰਦਗੀ ਦੇ ਰੰਗਾਂ ਦੀ ਆਭਾ ਲਿਸ਼ਕਾਰੇ ਮਾਰਦੀ ਨਜ਼ਰੀ ਪੈਂਦੀ ਹੈ। ਗ਼ਜ਼ਲ ਦੀਆਂ ਬੰਦਿਸ਼ਾਂ ਅਨੁਸਾਰ ਹਰ ਗ਼ਜ਼ਲ ਮਾਪਦੰਡਾਂ ਤੇ ਪੂਰੀ ਉਤਰਦੀ ਹੈ ਇਸ ਦੇ ਬਹੁਤੇ ਸ਼ਿਅਰ ਵਾਰ-ਵਾਰ ਪੜ੍ਹਨ ਨੂੰ ਦਿਲ ਕਰਦਾ ਹੈ।
ਪੰਜਾਬੀ ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਕਿਹਾ ਕਿ ‘ਰੂਹ ਦੇ ਰੰਗ’ ਵਿਚਲੀ ਸ਼ਾਇਰਾ ਦੀ ਸ਼ਬਦ ਚੋਣ ਅਤੇ ਸ਼ਬਦ ਘੜ੍ਹਤ ਹੈਰਾਨ ਕਰਨ ਵਾਲੀ ਹੈ ਉਸਦੇ ਸ਼ਿਅਰ ਪਾਠਕਾਂ ਨਾਲ ਗੱਲਾਂ ਕਰਦੇ ਜਾਪਦੇ ਹਨ।
ਅੰਤ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ‘ਰੂਹ ਦੇ ਰੰਗ’ ਦੀ ਲੇਖਿਕਾ ਡਾ.ਹਰਬੰਸ ਕੌਰ ਗਿੱਲ ਦੀ ਇਹ 19 ਵੀਂ ਪੁਸਤਕ ਹੈ। ਇਹਨਾਂ ਦੀ ਕਲਮ ਦੀ ਬੁਲੰਦੀ ਅਤੇ ਸਲਾਮਤੀ ਲਈ ਦਿਲੋਂ ਅਰਦਾਸ ਕਰਦਾ ਹਾਂ। ਰੂਹ ਦੇ ਰੰਗ ਪੜ੍ਹਦਿਆਂ ਇਹ ਆਪ ਮੁਹਾਰੇ ਹੀ ਰੂਹ ਵਿੱਚ ਉੱਤਰ ਜਾਂਦੀ ਹੈ । ਇਸ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਹਨ। ਕਈ ਸ਼ਿਅਰ ਤਾਂ ਅਜਿਹੇ ਹਨ ਜੋ ਸਦਾ ਲਈ ਜਿਉਂਦੇ ਤੇ ਲੋਕ ਬੁੱਲ੍ਹਾਂ ਤੇ ਖੇਡਦੇ ਰਹਿਣਗੇ ਅਤੇ ਲੋਕਾਂ ਦੇ ਦਿਲ ਦੀ ਧੜਕਣ ਬਣਨਗੇ। ਸਾਹਿਤ ਜਗਤ ਵਿੱਚ ਇਹਨਾਂ ਦੇ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਦਾ ਹਾਰਦਿਕ ਸਵਾਗਤ ਹੈ।
ਇਸ ਮੌਕੇ ਸਵਰਨ ਸਿੰਘ,ਨਵਨੀਤ ਕੌਰ,ਦਵਿੰਦਰ ਢਿੱਲੋਂ ਅਤੇ ਸਿਮਰਜੀਤ ਕੌਰ ਨੇ ਡਾ.ਗਿੱਲ ਦੀਆਂ ਗ਼ਜ਼ਲਾਂ ਗਾ ਕੇ,ਪੰਜਾਬ ਕਲਾ ਕੇਂਦਰ ਦੇ ਵਿਹੜੇ ਵਿਚ ਨਿਵੇਕਲਾ ਰੰਗ ਬੰਨ੍ਹਿਆ।
ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਦੀਪਕ ਚਨਾਰਥਲ ਨੇ ਬਾ-ਖੂਬੀ ਨਿਭਾਈ। ਇਸ ਸਮਾਗਮ ਵਿੱਚ ਡਾ.ਦਲਬੀਰ ਸਿੰਘ ਢਿੱਲੋਂ ਸਾਬਕਾ ਚੈਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ, ਡਾ.ਸੁਖਨਿੰਦਰ ਕੌਰ, ਪ੍ਰੋ.ਰਾਜੇਸ਼ ਗਿੱਲ (ਪੰਜਾਬ ਯੂਨੀ.) ਜੈਸਿਕਾ ਸੰਧਾਵਾਲੀਆ, ਮੈਡਮ ਨਸਰੀਨ, ਅਜੀਤ ਸਿੰਘ ਸੰਧੂ, ਸਰਦਾਰਾ ਸਿੰਘ ਚੀਮਾ, ਮਨਜੀਤ ਕੌਰ ਸੇਠੀ, ਪਾਲੀ ਗੁਲਾਟੀ, ਇੰਦਰਜੀਤ ਕੌਰ, ਮਨਜੀਤ ਕੌਰ ਮੀਤ, ਹਰੀਸ਼ ਜੈਨ, ਦਰਸ਼ਨ ਤਿਉਨਾ, ਗੁਰਦਰਸ਼ਨ ਸਿੰਘ ਮਾਵੀ, ਡਾ.ਸੁਰਿੰਦਰ ਗਿੱਲ, ਗੁਰਦਾਸ ਸਿੰਘ ਦਾਸ ਤੋਂ ਉਪਰੰਤ ਬਹੁਤ ਸਾਰੀਆਂ ਸਖ਼ਸ਼ੀਅਤਾਂ ਹਾਜ਼ਰ ਸਨ।