ਸਿਵਲ ਸਰਜਨ ਵਲੋਂ ਨਰਸਿੰਗ ਅਧਿਕਾਰੀਆਂ ਦਾ ਤੋਹਫ਼ਿਆਂ ਨਾਲ ਸਨਮਾਨ
ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ’ਚ ਨਰਸਾਂ ਦਾ ਵੱਡਾ ਯੋਗਦਾਨ : ਡਾ.ਆਦਰਸ਼ਪਾਲ ਕੌਰ
SangholTimes/GurjitBilla/ਐਸ.ਏ.ਐਸ.ਨਗਰ/16ਮਈ,2022 :
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਹਸਪਤਾਲ ਦੇ ਨਰਸਿੰਗ ਅਧਿਕਾਰੀਆਂ ਨੂੰ ਡਰਾਈ ਫ਼ਰੂਟ ਦੇ ਤੋਹਫ਼ੇ ਭੇਂਟ ਕੀਤੇ। ਨਰਸਾਂ ਨੂੰ ਅੰਤਰਰਾਸ਼ਟਰੀ ਨਰਸਿੰਗ ਦਿਵਸ ਦੀ ਵਧਾਈ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਨਰਸਾਂ ਦੀ ਅਪਣੀ ਡਿਊਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਉਨ੍ਹਾਂ ਦੁਆਰਾ ਮਰੀਜ਼ਾਂ ਦੀ ਕੀਤੀ ਜਾ ਰਹੀ ਸੇਵਾ-ਸੰਭਾਲ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਲਈ ਇਹ ਤੋਹਫ਼ੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਨਰਸਿੰਗ ਅਧਿਕਾਰੀਆਂ ਨੂੰ ਇਹ ਤੋਹਫ਼ੇ ਭੇਂਟ ਕੀਤੇ ਗਏ ਹਨ।
ਇਸ ਮੌਕੇ ਨਰਸਿੰਗ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਆਦਰਸ਼ਪਾਲ ਕੌਰ ਨੇ ਆਖਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਕਾਰਜ ਵਿਚ ਵੱਡਾ ਯੋਗਦਾਨ ਨਰਸਿੰਗ ਅਧਿਕਾਰੀਆਂ ਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੀ ਮਹਾਂਮਾਰੀ ਦੌਰਾਨ ਨਰਸਾਂ ਨੇ ਅਪਣੀ ਅਤੇ ਅਪਣੇ ਪ੍ਰਵਾਰ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਰੀਜ਼ਾਂ ਦੀ ਸ਼ਲਾਘਾਯੋਗ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਬੀਮਾਰੀ ਠੀਕ ਕਰਨ ਅਤੇ ਉਸ ਦੀ ਜਾਨ ਬਚਾਉਣ ’ਚ ਡਾਕਟਰ ਤੋਂ ਬਾਅਦ ਨਰਸ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਛੋਟਾ ਜਿਹਾ ਤੋਹਫ਼ਾ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਦਾ ਸਨਮਾਨ ਹੈ ਅਤੇ ਉਨ੍ਹਾਂ ਦੇ ਕੰਮ ਪ੍ਰਤੀ ਜਜ਼ਬੇ ਨੂੰ ਸਲਾਮ ਹੈ। ਸਿਵਲ ਸਰਜਨ ਨੇ ਉਮੀਦ ਕੀਤੀ ਕਿ ਨਰਸਿੰਗ ਅਧਿਕਾਰੀ ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਰੀਜ਼ਾਂ ਨੂੰ ਅਪਣੀਆਂ ਕੀਮਤੀ ਸੇਵਾਵਾਂ ਦਿੰਦੇ ਰਹਿਣਗੇ ਅਤੇ ਉਨ੍ਹਾਂ ਦੀ ਤੰਦਰੁਸਤੀ’ਚ ਅਪਣਾ ਯੋਗਦਾਨ ਪਾਉਂਦੇ ਰਹਿਣਗੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ, ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਭਗਤ, ਡਾ. ਐਚ.ਐਸ. ਚੀਮਾ, ਡਾ. ਪਰਮਿੰਦਰ ਸਿੰਘ, ਨਰਸਿੰਗ ਅਧਿਕਾਰੀ ਜਸਵਿੰਦਰ ਕੌਰ, ਪਰਮਿੰਦਰ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਨਰਸਾਂ ਮੌਜੂਦ ਸਨ।