
ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੁੱਦੇ ਤੇ ਹੋਈ ਸੇਫ ਸਕੂਲ ਵਾਹਨ ਕਮੇਟੀ ਦੀ ਮੀਟਿੰਗ –
ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕਾਰਗੁਜਾਰੀ ਦੀ ਕੀਤੀ ਗਈ ਪੜਚੋਲ
SangholTimes/ਐਸ.ਏ.ਐਸ.ਨਗਰ, 25 ਮਈ:
ਸੇਫ ਸਕੂਲ ਵਾਹਨ ਸਕੀਮ ਦੇ ਤਹਿਤ ਉਪ ਮੰਡਲ ਮੈਜਿਸਟ੍ਰੇਟ-ਕਮ-ਚੇਅਰਮੈਨ ਸੇਫ ਸਕੂਲ ਵਾਹਨ ਕਮੇਟੀ, ਸਾਹਿਬਜ਼ਾਦਾ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੀ ਕਾਰਗੁਜਾਰੀ ਦੀ ਪੜਚੋਲ ਕੀਤੀ ਗਈ। ਇਸ ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਤੋਂ ਇਲਾਵਾ ਸ੍ਰੀ ਸੁਰਿੰਦਰ ਮੋਹਨ, ਡੀ.ਐਸ.ਪੀ.ਟੈ੍ਰਫਿਕ, ਡਾ. ਕੰਚਨ ਸ਼ਰਮਾ, ਡਿਪਟੀ ਡੀ.ਈ.ਓ. (ਸੈਕੰਡਰੀ), ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀ ਰਣਪ੍ਰੀਤ ਸਿੰਘ ਭਿਊਰਾ, ਮੋਟਰ ਵਹੀਕਲ ਇੰਸਪੈਕਟਰ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਵਿੱਚ ਸਕੱਤਰ ਆਰ.ਟੀ.ਏ. ਸ੍ਰੀ ਸੁਖਵਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਅੰਦਰ ਸਮੂਹ ਸਬੰਧਤ ਵਿਭਾਗਾਂ ਦੇ ਸਹਿਯੋਗ ਦੇ ਨਾਲ 27 ਬੱਸਾਂ ਦੇ ਚਲਾਨ ਕੀਤੇ ਗਏ ਜਿਨ੍ਹਾਂ ਤੋਂ 11,68,000 ਰੁਪਏ ਜੁਰਮਾਨਾ ਉਗਰਾਹਿਆ ਗਿਆ । ਡੀ.ਐਸ.ਪੀ. ਟੈ੍ਰਫਿਕ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਟੈ੍ਰਫਿਕ ਐਜੂਕੇਸ਼ਨ ਸੈੱਲ ਵੱਲੋਂ ਵੱਖ-ਵੱਖ ਸਕੂਲਾਂ ਅੰਦਰ 35 ਕੈਂਪ ਆਯੋਜਿਤ ਕੀਤੇ ਗਏ। ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਮਹੀਨੇ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਸਮੂਹ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ 53 ਦੇ ਕਰੀਬ ਸਕੂਲ ਬੱਸਾਂ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਜਿਨ੍ਹਾਂ ਬੱਸਾਂ ਵਿੱਚ ਕਮੀਆਂ ਪਾਈਆਂ ਗਈਆਂ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਕਮੀਆਂ ਦੂਰ ਕਰਕੇ ਰਿਪੋਰਟ ਕਰਨ ਲਈ ਹਦਾਇਤ ਜਾਰੀ ਕੀਤੀ ਗਈ।
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਹਰਬੰਸ ਸਿੰਘ ਵੱਲੋਂ ਸਮੂਹ ਸਬੰਧਤ ਵਿਭਾਗਾ ਨੂੰ ਹਦਾਇਤ ਕੀਤੀ ਗਈ ਕਿ ਜਿਲ੍ਹੇ ਅੰਦਰ ਪੈਦੇ ਮੁੱਖ ਮਾਰਗਾ ਤੇ 10 ਅਤਿ ਸੰਵੇਦਨਸ਼ੀਲ ਸਕੂਲਾਂ ਦੀ ਲਿਸਟ ਤਿਆਰ ਕੀਤੀ ਜਾਵੇ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਨੂੰ ਪੇਸ਼ ਕੀਤੀ ਜਾਵੇ। ਉਨ੍ਹਾਂ ਵੱਲੋਂ ਜਿਲ੍ਹਾ ਸਿੱਖਿਆ ਅਫਸਰ(ਸੈਕੰਡਰੀ) ਨੂੰ ਉਚੇਚੇ ਤੌਰ ਤੇ ਹਦਾਇਤ ਜਾਰੀ ਕੀਤੀ ਗਈ ਕਿ ਜਿਲ੍ਹੇ ਅੰਦਰ ਸਮੂਹ ਸਬੰਧਤ ਸਕੂਲਾਂ ਵਿੱਚ ਰੋਡ ਸੇਫਟੀ ਦੇ ਨਾਲ ਸਬੰਧਤ ਸਾਇਨ ਬੋਰਡ ਲਗਵਾਏ ਜਾਣ ਜਿਸ ਨਾਲ ਸਕੂਲੀ ਬੱਚਿਆਂ ਵਿੱਚ ਰੋਡ ਸੇਫਟੀ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕੇ।
ਮੀਟਿੰਗ ਉਪਰੰਤ ਸਕੱਤਰ,ਆਰ.ਟੀ.ਏ. ਵੱਲੋਂ ਸਮੂਹ ਜਿਲ੍ਹਾ ਨਿਵਾਸੀਆ ਨੂੰ ਅਪੀਲ ਕੀਤੀ ਗਈ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਮੂਹ ਸੇਵਾਵਾਂ ਆਨ ਲਾਇਨ ਕਰ ਦਿੱਤੀਆ ਗਈਆਂ ਹਨ। ਕੋਈ ਵੀ ਵਿਅਕਤੀ ਡਰਾਇਵਿੰਗ ਲਾਇਸੰਸ ਜਾਂ ਆਰ.ਸੀ. ਸਬੰਧੀ ਸੁਵਿਧਾ parivahan.gov.in ਤੇ ਜਾ ਕੇ ਆਪਣਾ ਲਾਇਸੰਸ ਅਤੇ ਆਰ.ਸੀ. ਸਬੰਧੀ ਸੇਵਾ ਪ੍ਰਾਪਤ ਕਰ ਸਕਦਾ ਹੈ। ਇਸ ਲਈ ਜਿਲ੍ਹਾ ਨਿਵਾਸੀਆਂ ਨੂੰ ਘਰ ਬੈਠੇ ਹੀ ਇਸ ਸਾਈਟ ਤੇ ਆਪਣੇ ਦਸਤਾਵੇਜ਼ ਅਪਲੋਡ ਕਰਕੇ ਡਰਾਇਵਿੰਗ ਲਾਇਸੰਸ ਅਤੇ ਆਰ.ਸੀ. ਪ੍ਰਾਪਤ ਕਰ ਸਕਦੇ ਹਨ।
—