ਚੱਕੀ ਨਦੀ ‘ਤੇ ਪੁਲ ਦੇ ਪੁਨਰ ਨਿਰਮਾਣ ਦੀ ਮਨਜ਼ੂਰੀ, ਜਲਦੀ ਹੀ ਪਠਾਨਕੋਟ-ਜੋਗਿੰਦਰਨਗਰ ਦਰਮਿਆਨ ਰੇਲ ਸੇਵਾ ਬਹਾਲ ਹੋਵੇਗੀ – ਅਨੁਰਾਗ ਠਾਕੁਰ
ਕਾਂਗੜਾ ਤੋਂ ਨੂਰਪੁਰ ਦਰਮਿਆਨ ਰੇਲ ਟ੍ਰੈਕ ਜਲਦੀ ਬਹਾਲ ਹੋਵੇਗਾ: ਅਨੁਰਾਗ ਠਾਕੁਰ
Sanghol Times/PIB/CHD./ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼/17 ਫਰਵਰੀ 2024-
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਨਾਲ ਬੈਠਕ ਦੌਰਾਨ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ-ਜੋਗਿੰਦਰਨਗਰ ਸੈਕਸ਼ਨ ਦਰਮਿਆਨ ਰੇਲ ਸੇਵਾ ਨੂੰ ਬਹਾਲ ਕਰਨ ਲਈ ਚੱਕੀ ਦਰਿਆ ‘ਤੇ ਢਹਿ ਚੁੱਕੇ ਪੁਲ ਦੇ ਪੁਨਰ ਨਿਰਮਾਣ ਲਈ ਮਨਜ਼ੂਰੀ ਮਿਲ ਗਈ ਹੈ। ਇਸ ਨਿਰਮਾਣ ਨਾਲ ਪਠਾਨਕੋਟ-ਜੋਗਿੰਦਰਨਗਰ ਦਰਮਿਆਨ ਜਲਦੀ ਹੀ ਰੇਲ ਆਵਾਜਾਈ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਕਾਂਗੜਾ ਅਤੇ ਨੂਰਪੁਰ ਦਰਮਿਆਨ ਰੇਲਵੇ ਟਰੈਕ ਨੂੰ ਵੀ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ।
ਹੋਰ ਜਾਣਕਾਰੀ ਦਿੰਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਹਿਮਾਚਲ ਪ੍ਰਦੇਸ਼ ਨੇ ਬੀਤੇ ਸਮੇਂ ਵਿੱਚ ਇੱਕ ਵੱਡੀ ਕੁਦਰਤੀ ਆਫ਼ਤ ਦਾ ਸਾਹਮਣਾ ਕੀਤਾ ਹੈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਅਤੇ ਸੜਕਾਂ ਅਤੇ ਪੁਲਾਂ ਦੇ ਟੁੱਟਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਸੀ। ਹੜ੍ਹ ਕਾਰਨ ਪਠਾਨਕੋਟ ਜੋਗਿੰਦਰਨਗਰ ਰੇਲਵੇ ਸੈਕਸ਼ਨ ਕਈ ਥਾਵਾਂ ‘ਤੇ ਢਹਿ ਗਿਆ ਸੀ, ਜਿਸ ਕਾਰਨ ਰੇਲ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੜ੍ਹ ਕਾਰਨ ਚੱਕੀ ਦਰਿਆ ਦਾ ਰੇਲਵੇ ਪੁਲ ਵੀ ਨੁਕਸਾਨਿਆ ਗਿਆ ਸੀ, ਜਿਸ ਕਾਰਨ ਇਸ ਮਾਰਗ ’ਤੇ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਮੈਂ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਨੂੰ ਮਿਲ ਕੇ ਵਿਅਕਤੀਗਤ ਤੌਰ ‘ਤੇ ਉਨ੍ਹਾਂ ਕੋਲ ਇਹ ਮੁੱਦਾ ਉਠਾਇਆ ਸੀ।
ਅੱਗੇ ਬੋਲਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰੇਲ ਮੰਤਰੀ ਜੀ ਨੇ ਸਾਡੀ ਮੰਗ ਨੂੰ ਸਵੀਕਾਰ ਕਰਦੇ ਹੋਏ ਚੱਕੀ ਨਦੀ ਦੇ ਰੇਲਵੇ ਪੁਲ ਦੇ ਪੁਨਰ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਿਲਹਾਲ ਇਸ ਪੁਲ ਦੇ ਨੁਕਸਾਨੇ ਜਾਣ ਕਾਰਨ ਪਠਾਨਕੋਟ-ਜੋਗਿੰਦਰਨਗਰ ‘ਤੇ ਜੋਗਿੰਦਰਨਗਰ ਅਤੇ ਕਾਂਗੜਾ ਸਟੇਸ਼ਨਾਂ ਦਰਮਿਆਨ ਹੀ ਰੇਲ ਆਵਾਜਾਈ ਹੋ ਰਹੀ ਹੈ। ਇਸ ਮਨਜ਼ੂਰੀ ਨਾਲ ਪੁਲ ਦੇ ਜਲਦੀ ਨਿਰਮਾਣ ਲਈ ਰਾਹ ਪੱਧਰਾ ਹੋ ਗਿਆ ਹੈ, ਜਿਸ ਨਾਲ ਪਠਾਨਕੋਟ-ਜੋਗਿੰਦਰਨਗਰ ਰੇਲਵੇ ਲਾਈਨ ‘ਤੇ ਟ੍ਰੇਨਾਂ ਪਹਿਲਾਂ ਵਾਂਗ ਚੱਲ ਸਕਣਗੀਆਂ। ਮੈਂ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਹਿਮਾਚਲ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਹੈ।
*****
