ਫਤਹਿਗੜ੍ਹ ਸਾਹਿਬ ਨਿਊਜ਼ : ਵਪਾਰੀ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਵਾ ਕੇ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫਤਾਰ
ਫਤਹਿਗੜ੍ਹ ਸਾਹਿਬ/SANGHOL-TIMES/13 ਅਗਸਤ, 2024(ਮਲਕੀਤ ਸਿੰਘ ਭਾਮੀਆਂ) :- ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋ ਇੱਕ ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਵਾ ਕੇ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨਾਂ ਤੋਂ ਵਰਤੀ ਗਈ ਕਾਰ, ਮੋਬਾਈਲ ‘ਤੇ ਕਪੜੇ ਬਰਾਮਦ ਕੀਤੇ ਗਏ ਹਨ। ਇੰਨਾਂ ਮੁਲਾਜ਼ਮਾਂ ਵੱਲੋ ਵਪਾਰੀ ਨੂੰ ਡਰਾਉਣ ਧਮਕਾਉਣ ਲਈ ਉਸਦੇ ਘਰ ਹਮਲਾ ਵੀ ਕੀਤਾ ਗਿਆ ਸੀ। ਪੁਲਿਸ ਵੱਲੋ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਾਕੇਸ਼ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਕੁਰ ਮੜਕਨ ਵਾਸੀ ਬਡਾਲੀ ਆਲਾ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਫਿਰੌਤੀ ਹਾਸਲ ਕਰਨ ਸੰਬੰਧੀ ਫੋਨ ਕਾਲਾਂ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਡਰਾਉਣ ਲਈ ਅਣਪਛਾਤੇ ਵਿਅਕਤੀਆਂ ਵੱਲੋ ਉਸਦੇ ਘਰ ਪਿੰਡ ਬਡਾਲੀ ਆਲਾ ਸਿੰਘ ਵਿਖੇ ਰਾਤ ਸਮੇਂ ਹਮਲਾ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ‘ਤੇ ਤਫਤੀਸ਼ ਦੌਰਾਨ ਟੈਕਨੀਕਲ ਤਰੀਕਿਆਂ ਨੂੰ ਵਰਤ ਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ, ਵਾਰਦਾਤ ਸਮੇਂ ਕੀਤੀਆਂ ਕਾਲਾਂ ਤੋਂ ਮੁਲਜਮ ਪ੍ਰਿੰਸ ਕੁਮਾਰ ਵਾਸੀ ਸਮਾਣਾ, ਜਿਲ੍ਹਾ ਪਟਿਆਲਾ ਹਾਲ ਵਾਸੀ ਪਿੰਡ ਨੀਲਪੁਰ, ਜਿਲ੍ਹਾ ਪਟਿਆਲਾ ਅਤੇ ਸੁਰਿੰਦਰ ਸਿੰਘ ਵਾਸੀ ਮੁਕਤਸਰ, ਹਾਲ ਵਾਸੀ ਖਮਾਣੋਂ ਨੂੰ ਟਰੈਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਮੁਲਜ਼ਮਾਂ ਵੱਲੋ ਵਰਤੀ ਗਈ ਕਾਰ, ਮੋਬਾਈਲ ਫੋਨ ‘ਤੇ ਪਹਿਨੇ ਹੋਏ ਕਪੜੇ ਕਬਜ਼ੇ ਵਿੱਚ ਲਏ ਹਨ। ਮੁਲਜ਼ਮਾਂ ਦਾ 3 ਦਿਨਾਂ ਲਈ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਛਗਿੱਛ ਦੌਰਾਨ ਮੁਲਾਜ਼ਮ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਮੋਹਾਲੀ ਵਿੱਚ ਕਿਰਾਏ ਉੱਤੇ ਟੈਕਸੀ ਚਲਾਉਂਦਾ ਹੈ। ਜੋ ਕਿ ਕੁੱਝ ਸਾਲ ਪਹਿਲਾਂ ਅਪਣੇ ਪਰਿਵਾਰ ਸਮੇਤ ਪਿੰਡ ਬਡਾਲੀ ਆਲਾ ਸਿੰਘ ਵਿੱਚ ਕਿਰਾਏ ਉੱਤੇ ਰਹਿੰਦਾ ਰਿਹਾ ਹੈ। ਜੋ ਮਾੜੀ ਸੰਗਤ ਵਿੱਚ ਪੈ ਕੇ ਨਸ਼ੇ ਵਗੈਰਾ ਕਰਨ ਦਾ ਆਦੀ ਹੋ ਗਿਆ ਸੀ ‘ਤੇ ਜਿਸਨੇ ਪਿੰਡ ਬਡਾਲੀ ਆਲਾ ਸਿੰਘ ਵਿੱਚ ਕਈ ਵਿਆਕਤੀਆਂ ਦੇ ਪੈਸੇ ਵੀ ਦੇਣੇ ਹਨ। ਜਿਸ ਪਾਸ ਇਨਕਮ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਇਸਨੇ ਵਿਦੇਸ਼ ਵਿੱਚ ਬੈਠੇ ਕਿਸੇ ਵਿਆਕਤੀ ਰਾਹੀ ਮੁੱਦਈ ਮੁਕੱਦਮਾ ਨੂੰ ਧਮਕਾ ਕੇ ਫਿਰੌਤੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
