ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਤਾਇਨਾਤ ਕੀਤੇ ਜਾਣਗੇ ਕਰੀਬ 4 ਹਜ਼ਾਰ ਪੁਲਿਸ ਮੁਲਾਜ਼ਮ ‘ਤੇ ਅਧਿਕਾਰੀ – ਡੀਆਈਜੀ ਹਰਚਰਨ ਸਿੰਘ ਭੁੱਲਰ
ਸ਼੍ਰੀ ਫਤਿਹਗੜ੍ਹ ਸਾਹਿਬ/SANGHOL-TIMES/12 ਦਸੰਬਰ, 2024(ਮਲਕੀਤ ਸਿੰਘ ਭਾਮੀਆਂ) :- ਡੀਆਈਜੀ ਰੂਪ ਨਗਰ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਪੁਲਿਸ ਜਿਲ੍ਹਾ ਮੁੱਖੀ ਸ਼੍ਰੀ ਫਤਿਹਗੜ੍ਹ ਸਾਹਿਬ ਡਾ ਰਵਜੋਤ ਗਰੇਵਾਲ ਨੇ ਬੱਚਤ ਭਵਨ ਵਿਖੇ ਸ਼ਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈਕੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ‘ਤੇ ਮੁਲਾਜ਼ਮਾਂ ਨੂੰ ਅਪਣੀ ਡਿਊਟੀ ਪੂਰੀ ਤਨਦੇਹੀ ਅਤੇ ਸ਼ਰਧਾ ਭਾਵਨਾ ਨਾਲ ਨਿਭਾਉਣ ਲਈ ਕਿਹਾ। ਪੁਲਿਸ ਵਿਭਾਗ ਵੱਲੋ ਕਰੀਬ 04 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ‘ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਇਸਦੇ ਨਾਲ – ਨਾਲ ਵੱਖੋ – ਵੱਖ ਸਮਾਜ ਸੇਵੀ ਸੰਸਥਾਵਾਂ ‘ਤੇ ਵਲੰਟੀਆਰਾਂ ਦੀਆਂ ਸੇਵਾਵਾਂ ਵੀ ਸ਼ਹੀਦੀ ਸਭਾ ਦੇ ਪ੍ਰਬੰਧਾਂ ਲਈ ਲਾਈਆਂ ਜਾਣਗੀਆਂ। ਇਸ ਮੌਕੇ ਸ਼ਹੀਦੀ ਸਭਾ ਦੌਰਾਨ ਸੰਗਤ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਟਰੈਫਿਕ ਦੇ ਬਦਲਵੇਂ ਰੂਟਾਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਚਲਾਈ ਜਾਂਦੀ ਸਟਲ ਬੱਸ ਸੇਵਾ ਦੇ ਘੇਰੇ ਵਿੱਚ ਇਸ ਵਾਰ ਵਾਧਾ ਕੀਤਾ ਜਾਵੇਗਾ ਅਤੇ ਇੰਨਾਂ ਬੱਸਾਂ ਵਿੱਚ ਚੜ੍ਹਨ ‘ਤੇ ਉਤਰਨ ਲਈ ਇਸ ਵਾਰ 04 ਦੀ ਥਾਂ 08 ਪੁਆਇੰਟ ਬਣਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਸਹਾਇਤਾ ਕੇਂਦਰ ਵੀ ਬਣਾਏ ਜਾਣਗੇ ‘ਤੇ ਫੋਰਸ ਦੇ ਰਹਿਣ ਵਾਸਤੇ ਵਧੀਆ ਪ੍ਰਬੰਧ ਕੀਤੇ ਜਾਣਗੇ। ਇਸਦੇ ਨਾਲ – ਨਾਲ ਜਿਹੜੇ ਪੁਲਿਸ ਅਧਿਕਾਰੀਆਂ ‘ਤੇ ਮੁਲਾਜ਼ਮਾਂ ਨੇ ਪਿਛਲੇ ਸਾਲਾਂ ਦੌਰਾਨ ਸ਼ਹੀਦੀ ਸਭਾ ਮੌਕੇ ਸੇਵਾਵਾਂ ਨਿਭਾਈਆਂ ਹਨ, ਉਨ੍ਹਾਂ ਦੀ ਡਿਊਟੀ ਵੀ ਉਚੇਚੇ ਤੌਰ ਉੱਤੇ ਲਗਾਈ ਜਾਵੇਗੀ। ਡੀਆਈਜੀ ਭੁੱਲਰ ਨੇ ਲੰਗਰ ਲਾਉਣ ਵਾਲੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਲੰਗਰ ਸੜਕਾਂ ਤੋਂ ਪਿੱਛੇ ਹੱਟ ਕੇ ਲਗਾਏ ਜਾਣ ਤਾਂ ਜੋ ਸੰਗਤਾਂ ਦੀ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਇਸਦੇ ਨਾਲ – ਨਾਲ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੀ ਸੰਗਤ ਨਾਲ ਪੂਰੀ ਨਿਮਰਤਾ ‘ਤੇ ਪਿਆਰ ਨਾਲ ਗੱਲਬਾਤ ਕੀਤੀ ਜਾਵੇ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ। ਪੁਲਿਸ ਸੰਗਤ ਦੀ ਸੇਵਾ ਵਿੱਚ ਹਰ ਪਲ ਹਾਜ਼ਰ ਹੈ।
