
ਕੀ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਵੀ ਕੋਈ ਲਗਾਵੇਗਾ ਧਰਨੇ ?
—-
ਸੰਘੋਲ ਟਾਇਮਜ਼ ਨਿਊਜ਼/05.05.2022/9.44 am
ਭਾਵੇਂ ਕਿ ਅੱਜ ਤੱਕ ਰੱਬ ਨੂੰ ਕਿਸੇ ਨੇ ਨਹੀਂ ਦੇਖਿਆ ਪਰ ਜੇਕਰ ਕਿਸੇ ਨੇ ਰੱਬ ਦੇ ਸਾਖਸ਼ਾਤ ਦਰਸ਼ਨ ਕਰਨੇ ਹੋਣ ਤਾਂ ਉਸ ਨੂੰ ਕੁਦਰਤ ਵਿੱਚੋਂ ਦੇਖਿਆ ਜਾ ਸਕਦਾ ਹੈ। ਕਿਉਂਕਿ ਗੁਰਬਾਣੀ ਦਾ ਵੀ ਫੁਰਮਾਨ ਹੈ ‘ਬਲਿਹਾਰੀ ਕੁਦਰਤ ਵਸਿਆ’ ਜਾਣੀਕਿ ਪਰਮਾਤਮਾ ਦਾ ਵਾਸਾ ਕੁਦਰਤ ਵਿੱਚ ਹੈ। ਅਸੀਂ ਕਹਿਣ ਨੂੰ ਤਾਂ ਸਾਰੇ ਆਪਣੇ-ਆਪ ਨੂੰ ਬੜੇ ਧਾਰਮਿਕ ਬਣੇ ਫਿਰਦੇ ਹਾਂ, ਤੇ ਧਰਮਾਂ ਪਿੱਛੇ ਪਲਾਂ ਵਿੱਚ ਇੱਕ-ਦੂਜੇ ਨੂੰ ਮਰਨ-ਮਾਰਨ ਉੱਤੇ ਵੀ ਉਤਰ ਆਉਂਦੇ ਹਨ, ਪਰ ਕੁਦਰਤ ਜਿਸ ਵਿਚ ਓਸ ਕਾਦਰ ਦਾ ਵਾਸਾ ਹੈ,ਉਸ ਤੋਂ ਕੋਹਾਂ ਦੂਰ ਹਾਂ ਅਤੇ ਆਪਣੇ ਸੁਆਰਥ ਲਈ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਪਵਨ ਗੁਰੂ ਤੇ ਪਾਣੀ ਪਿਤਾ ਨੂੰ ਵੀ ਪਲੀਤ ਕਰਨ ਵਿੱਚ ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਦੇ ਨਤੀਜੇ ਵੀ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਬੀਜ ਅਸੀਂ ਆਪਣੇ ਹੱਥੀਂ ਬੀਜੇ ਹਨ। ਜ਼ਿਆਦਾਤਰ ਪੈਦਾਵਾਰ ਲੈਣ ਦੇ ਲਾਲਚ ਨੇ ਸਾਡੀ ਧਰਤੀ ਮਾਂ ਨੂੰ ਵੀ ਕੈਂਸਰ ਕਰ ਦਿੱਤਾ ਹੈ। ਧਰਤੀ ਮਾਂ ਦਾ ਪੁੱਤ ਕਹਾਉਣ ਵਾਲਾ ਕਿਸਾਨ ਅੱਜ ਆਪਣੇ ਹੱਥੀਂ ਅੱਗ ਦੀ ਤੀਲੀ ਲਗਾ ਕੇ ਜਿੱਥੇ ਆਪਣੇ ਅਨੇਕਾਂ ਮਿੱਤਰ ਕੀੜੇ ਤੇ ਜੀਵ ਜੰਤੂਆਂ ਦਾ ਹਤਿਆਰਾ ਬਣ ਰਿਹਾ ਹੈ,ਉੱਥੇ ਹੀ ਬੇਹੱਦ ਅਣਗਹਿਲੀ ਵਰਤ ਕੇ ਸਾਲਾਂ ‘ਚ ਪਲ਼ ਕੇ ਵੱਡੇ ਹੋਏ ਤੇ ਸਾਨੂੰ ਮੁਫਤ ‘ਚ ਆਕਸੀਜਨ ਦੇ ਰਹੇ ਰੁੱਖਾਂ ਨੂੰ ਵੀ ਅੱਗ ਦੀ ਭੇਟ ਚੜ੍ਹ ਰਿਹਾ ਹੈ। ਵਾਤਾਵਰਨ ਪ੍ਰੇਮੀਆਂ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਹੈ,ਉਹ ਕਲਪ ਰਹੇ ਹਨ,ਪਰ ਕਰ ਕੁਝ ਨਹੀਂ ਸਕਦੇ। ਸਰਕਾਰਾਂ ਖ਼ਾਮੋਸ਼ ਹਨ,ਵਾਤਾਵਰਨ ਦੀ ਰੱਖਿਆ ਕਰਨ ਵਾਲੇ ਵਿਭਾਗ ਕੁੰਭਕਰਨੀ ਨੀਂਦ ‘ਚ ਸੁੱਤੇ ਪਏ ਹਨ। ਰੁੱਖਾਂ ਦੇ ਖ਼ਤਮ ਹੋਣ ਨਾਲ ਆਲਮੀ ਤਪਸ਼ ਵਧ ਰਹੀ ਹੈ, ਵਾਯੂਮੰਡਲ ‘ਚ ਆਕਸੀਜਨ ਘਟ ਰਹੀ ਹੈ,ਤੇ ਹੋਰ ਗੈਸਾਂ ਦਾ ਵਧਾਰਾ ਹੋ ਰਿਹਾ ਹੈ। ਮਨੁੱਖ ਦਿਨ ਪ੍ਰਤੀ ਦਿਨ ਆਪਣੇ ਖ਼ਾਤਮੇ ਵੱਲ ਮੁਸ਼ੱਲਸ਼ਲ ਵੱਧਦਾ ਜਾ ਰਿਹਾ ਹੈ। ਜ਼ਰਾ ਸੋਚੋ ! ਜੇਕਰ ਧਰਤੀ ਤੋਂ ਰੁੱਖ ਅਤੇ ਪਾਣੀ ਹੀ ਖ਼ਤਮ ਹੋ ਗਏ ਤਾਂ ਕੀ ਮਨੁੱਖ ਜ਼ਿੰਦਾ ਰਹਿ ਸਕੇਗਾ? ਆਪਣੇ ਹੱਕਾਂ ਅਤੇ ਮਾੜੀਆਂ-ਮੋਟੀਆਂ ਮੰਗਾਂ ਲਈ ਅਸੀਂ ਝੱਟ ਸੜਕਾਂ ਰੋਕ ਕੇ ਬੈਠ ਜਾਂਦੇ ਹਾਂ, ਅਣਮਿੱਥੇ ਸਮੇਂ ਲਈ ਧਰਨੇ ਲਗਾ ਦਿੰਦੇ ਹਾਂ। ਕੀ ਕੋਈ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਵੀ ਧਰਨੇ ਲਗਾਵੇਗਾ ? ਕੀ ਸਰਕਾਰਾਂ ਅਜਿਹੇ ਕੁਦਰਤ ਦੇ ਦੁਸ਼ਮਣਾਂ ਪ੍ਰਤੀ ਕਦੇ ਸੰਜੀਦਾ ਹੋਣਗੀਆਂ? ਜਾਂ ਆਪਣੀ ਹੋਣੀ ਤੇ ਸਾਨੂੰ ਖਾਮੋਸ਼ ਹੋ ਕੇ ਇਸੇ ਤਰ੍ਹਾਂ ਦੇਖਦੇ ਹੀ ਹੱਥ ‘ਤੇ ਹੱਥ ਧਰਕੇ ਦੇਖਦੇ ਰਹਿਣਾ ਪਵੇਗਾ ?
ਲੇਖਕ : ਸੁਖਵਿੰਦਰ ਸਿੰਘ ਅਟਵਾਲ ਪੱਤਰਕਾਰ, ਅਮਰਗਡ਼੍ਹ।
ਮੋਬਾਇਲ : 99156-29076