ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਮੋਹਾਲੀ ਦੇ ਰਾਮਗੜ੍ਹੀਆ ਭਵਨ ਵਿਖੇ ਕਰਵਾਏ ਗਏ ਸਮਾਗਮ ਵਿੱਚ ਹੋਏ ਸ਼ਾਮਿਲ*
· ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਭੇਂਟ ਕੀਤੇ ਅਕੀਦਤ ਦੇ ਫੁੱਲ
ਸੰਘੋਲ ਟਾਇਮਜ਼/ਗੁਰਜੀਤ ਬਿੱਲਾ/ਐਸ.ਏ.ਐਸ.ਨਗਰ/05ਮਈ,2022 –
ਸ. ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਮੋਹਾਲੀ ਦੇ 3 ਬੀ 1 ਸਥਿਤ ਰਾਮਗੜ੍ਹੀਆ ਭਵਨ ਵਿਖੇ ਸਮਾਗਮ ਵਿੱਚ ਸ਼ਿਰਕਤ ਕਰਕੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਹਲਕਾ ਐਸ.ਏ.ਐਸ. ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸ. ਜੱਸਾ ਸਿੰਘ ਰਾਮਗੜ੍ਹੀਆ ਜਿਨ੍ਹਾਂ ਦਾ ਅਸੀਂ ਅੱਜ 299ਵਾਂ ਜਨਮ ਦਿਹਾੜਾ ਮਨਾ ਰਹੇ ਹਾਂ, ਉਹ ਸਿੱਖ ਕੌਮ ਦੇ ਅਜਿਹੇ ਜਰਨੈਲ ਹੋਏ ਹਨ ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਕੇਸਰੀ ਨਿਸ਼ਾਨ ਝੂਲਾਇਆ ਸੀ । ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਮਹਾਨ ਵਿਰਸੇ ਦੇ ਮਾਲਕ ਹਨ ਅਸੀਂ ਆਪਣੀ ਇਨ੍ਹਾਂ ਜਰਨੈਲਾਂ ਅਤੇ ਗੁਰੂਆਂ ਵਲੋਂ ਦਰਸਾਏ ਨਕਸ਼ੇ ਕਦਮ ਤੇ ਚਲ ਕੇ ਪੰਜਾਬ ਦੇ ਇਸ ਅਮੀਰ ਵਿਰਸੇ ਦੀ ਸਾਂਭ ਸੰਭਾਲ ਕਰਨੀ ਹੈ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਪਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਇਕ ਇਮਾਨਦਾਰ ਸਰਕਾਰ ਦੀ ਕਮੀ ਮੁੱਖ ਤੌਰ ਤੇ ਰੜਕਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਇਮਾਨਦਾਰ ਸਰਕਾਰ ਦੀ ਕਮੀ ਹੁਣ ਪੂਰੀ ਹੋ ਗਈ ਹੈ।
ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਹਮਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵੱਡਾ ਚੈਲਜ਼ ਹੈ ਜਿਸ ਨੂੰ ਪੰਜਾਬ ਸਰਕਾਰ ਕਬੂਲ ਕਰਕੇ ਪੂਰੀ ਤਾਕਤ ਨਾਲ ਇਸ ਖਿੱਤੇ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਵਸੀਲੇ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨਾ ਪੰਜਾਬ ਸਰਕਾਰ ਦਾ ਦੂਜਾ ਵੱਡਾ ਚੈਲਜ਼ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਇੰਡਸਟਰੀ ਪਹਿਲਾਂ ਤੋਂ ਲੱਗੀ ਹੋਈ ਹੈ ਪੰਜਾਬ ਸਰਕਾਰ ਉਸਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਲਈ ਆਪਣੀ ਪੂਰੀ ਚਾਰਾਜੋਈ ਕਰੇਗੀ ਅਤੇ ਸਨਅਤਕਾਰਾਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸਭ ਵਰਗਾਂ ਨੂੰ ਮਿਲ ਕੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਪੁਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ. ਸੰਧਵਾਂ ਨੇ ਦੱਸਿਆ ਕਿ ਵਿਧਾਨ ਸਭਾ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਭਾਈ ਭਤੀਜਾਵਾਦ ਕਰਕੇ ਨੌਕਰੀ ਰੱਖੇ ਗਏ ਮੁਲਜ਼ਮਾਂ ਦੇ ਮੁੱਦੇ ਤੇ ਉਹ ਕਾਰਵਾਈ ਕਰ ਰਹੇ ਹਨ ਅਤੇ ਛੇਤੀ ਇਸ ਦੇ ਸਿੱਟੇ ਸਾਹਮਣੇ ਆਉਣਗੇ। ਇਸ ਦੇ ਨਾਲ ਹੀ ਪੱਤਰਕਾਰ ਵੱਲੋਂ ਪੁੱਛੇ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਟਿਆਲਾ ਦੀ ਫਿਰਕੂ ਹਿੰਸਾ ਸਾਡੇ ਸਮਾਜ ਤੇ ਧੱਬਾ ਹੈ ਕਿਉਂਕਿ ਪੰਜਾਬ ਵਿੱਚ ਕਦੇ ਵੀ ਫਿਰਕੂ ਹਿੰਸਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸ਼ਾਜਿਸ਼ ਦੇ ਪਿੱਛੇ ਖੜ੍ਹੀਆਂ ਸਮੂਹ ਧਿਰਾਂ ਨੂੰ ਬੇਨਿਕਾਬ ਕਰਕੇ ਪੰਜਾਬ ਦੇ ਦੀ ਸ਼ਾਤੀ ਨੂੰ ਲਾਬੂ ਲਾਉਣ ਵਾਲੀਆਂ ਤਾਕਤਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਵੇਗੀ।
—