ਪੰਜਾਬ ਦੇ ਬੁਲਡੋਜ਼ਰ – ਭਗਵੰਤ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ !
ਰਵਾਇਤੀ ਪਾਰਟੀਆਂ ਦੇ ਲੰਬੇ ਸਮੇਂ ਦੇ ਰਵਾਇਤੀ ਭ੍ਰਿਸ਼ਟ ਰਾਜ ਤੋਂ ਨਿਰਾਸ਼ ਹੋਏ ਪੰਜਾਬ ਦੇ ਲੋਕਾਂ ਨੇ, ਇਸ ਵਾਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਰੱਜ ਕੇ ਵਿਸ਼ਵਾਸ ਕਰਦਿਆਂ, ਬਹੁਤ ਜਿਆਦਾ ਉਮੀਦ ਨਾਲ ਵੋਟਾਂ ਦੀ ਹਨੇਰੀ ਲਿਆ ਕੇ, ਆਮ ਆਦਮੀ ਪਾਰਟੀ ਦੀ ਸਪੱਸ਼ਟ ਬਹੁਮਤ ਵਾਲੀ ਸਰਕਾਰ ਬਣਾਈ ਏ। ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਹਨੇਰੀ ‘ਚ ਕਈ ਅਜਿਹੇ ਚਿਹਰਿਆਂ ਦਾ ਵੀ ਦਾਅ ਲੱਗ ਗਿਆ ਏ, ਜਿਹੜੇ ਰਵਾਇਤੀ ਪਾਰਟੀਆਂ ਦਾ ਸ਼ਿੰਗਾਰ ਰਹੇ ਨੇ ਤੇ ਸ਼ਾਇਦ ਈ ਆਮ ਆਦਮੀ ਦੇ ‘ਟਰਿਪਲ ਸੀ’ ਦੀ ਇਕ ਵੀ ‘ਸੀ’ ਨਾ ਪੂਰੇ ਕਰਦੇ ਹੋਣ ਪਰ ਹੁਣ ਤੱਕ ਦੀ ਜੇ ਸਰਕਾਰ ਦੀ ਕਾਰਗੁਜ਼ਾਰੀ ਵੇਖੀਏ ਤਾਂ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਮੀਦਾਂ ਤੇ ਪੂਰੀ ਤਰਾਂ ਨਾਲ ਖਰੇ ਉਤਰਦੇ ਜਾਪ ਰਹੇ ਨੇਂ। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ੁਰੂ ਕੀਤੇ, ਰਸੂਖਦਾਰ ਲੋਕਾਂ ਵੱਲੋ ਦੱਬੀਆਂ ਮਹਿੰਗੀਆਂ ਸਰਕਾਰੀ ਜ਼ਮੀਨਾਂ ਵੱਡੇ ਪੱਧਰ ਤੇ ਛੁੜਾਉਣ ਦੇ ਇਸ ਇਨਕਲਾਬੀ ਪਾਇਲਟ ਅਭਿਆਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਏ। ਪੰਜਾਬ ਦੀ ਹਰੇਕ ਰਾਜਨੀਤਕ ਪਾਰਟੀ ਦੇ ਕੁੱਝ ਖਾਸ ਚੇਹਰਿਆਂ ਤੇ ਸਰਕਾਰ ਦੇ ਇਸ ਇਨਕਲਾਬੀ ਪਵਿੱਤਰ ਕਾਰਜ ਨੇ ਚਿੰਤਾ ਦੀ ਲਕੀਰਾਂ ਪੈਦਾ ਕਰ ਦਿੱਤੀਆਂ ਨੇ, ਜਿਸ ਵਿੱਚ ਹੋਰ ਪਾਰਟੀਆਂ ਤੋਂ ਮਲਾਈ ਛੱਕ ਕੇ ਆਮ ਆਦਮੀ ਪਾਰਟੀ ਵਿੱਚ ਵੜੇ ਕੁੱਝ ਅਖੌਤੀ ਇਨਕਲਾਬੀ ਵੀ ਸ਼ਾਮਲ ਨੇ, ਭਗਵੰਤ ਮਾਨ ਜੀ ਤੇ ਕੁਲਦੀਪ ਧਾਲੀਵਾਲ ਜੀ, ਤੁਸੀਂ ਲੋਕਾਂ ਦੀ ਆਸ ਓ, ਵੇਖਿਓ ਕਿਤੇ ਅਜਿਹੇ ਆਪਣਿਆਂ ਕੋਲ ਆ ਕੇ ਤੁਹਾਡਾ ਬੁਲਡੋਜ਼ਰ ਧੂੰਆਂ ਨਾ ਮਾਰਨ ਲੱਗ ਜਾਏ ਕਿਉਂਕਿ ਤੁਹਾਡੀ ਇਸ ਕਬਜਾ ਛੁਡਾਉ ਮੁਹਿੰਮ ਤੋਂ ਪੰਜਾਬ ਦੀਆਂ ਹੋਰ ਰਾਜਨੀਤਕ ਪਾਰਟੀਆਂ ਨਾਲ ਸੰਬੰਧਤ ਇਮਾਨਦਾਰ ਲੋਕਾਂ ਨੂੰ ਵੀ ਬਹੁਤ ਆਸ ਏ।
ਹੁਣ ਤੱਕ ਆਪਾਂ ਆਮ ਲੋਕਾਂ ਨੇ ਕਦੇ ਸੋਚਿਆ ਵੀ ਨ੍ਹੀਂ ਹੋਣਾ ਕਿ ਸਰਕਾਰ ਦੀ ਕਰੋੜਾਂ-ਅਰਬਾਂ ਦੀ ਇਹ ਜਾਇਦਾਦ ਹਰੇਕ ਪਿੰਡ-ਸ਼ਹਿਰ ‘ਚ ਡੰਡੇ ਦੇ ਜੋਰ ਨਾਲ ਸ਼ਰੇਆਮ ਦੱਬ ਕੇ, ਇਹ ਭ੍ਰਿਸ਼ਟ ਰਸੂਖਦਾਰ ਲੋਕ ਸਰਦਾਰੀਆਂ ਚਲਾ ਰਹੇ ਹਨ। ਚੰਡੀਗੜ੍ਹ ਲਾਗੇ ਛੁਡਾਏ, 29 ਕਿਲਿਆਂ ਦੇ ਇਕੋ ਟੱਕ ਦੀ ਕੀਮਤ ਦਾ ਅੰਦਾਜਾ ਲਾਓ, ਸਿਰ ਚਕਰਾ ਜਾਵੇਗਾ। ਤੁਸੀਂ ਹੈਰਾਨ ਹੋ ਜਾਣਾ ਏ ਸੁਣ ਕੇ ਕਿ ਪੰਜਾਬ ਦੀ ਲਗਭਗ 25000 ਕਿਲੇ ਜ਼ਮੀਨ ਤੇ ਹਜੇ ਵੀ ਨਜਾਇਜ਼ ਕਬਜਾ ਏ ਤੇ ਇਹ ਜ਼ਮੀਨ ਵੀ ਕੋਈ ਰੇਤਲੀ, ਪੱਛੜੀ ਜਾਂ ਪੇਂਡੂ ਨਹੀਂ ਸਗੋਂ ਇਹ ਭੂਮੀ ਚੰਡੀਗੜ੍ਹ, ਜਲੰਧਰ, ਅਮ੍ਰਿਤਸਰ ਤੇ ਲੁਧਿਆਣੇ ਵਰਗੇ ਸ਼ਹਿਰਾਂ ਦੇ ਲਾਗੇ ਦੀ ਉਹ ਜ਼ਮੀਨ ਏ ਜਿਸਦਾ ਰੇਟ ਕਿਲਿਆਂ ਦੇ ਹਿਸਾਬ ਨਾਲ ਨਹੀਂ ਸਗੋਂ ਇੰਚਾਂ ਦੇ ਹਿਸਾਬ ਨਾਲ ਤੈਅ ਹੁੰਦਾ ਏ। ਹੁਣ ਇਹ ਜ਼ਮੀਨ ਕਿੰਨਾਂ ਲੋਕਾਂ ਨੇ ਨੱਪੀ ਹੋਈ ਏ, ਇਹ ਮੈਨੂੰ ਦੱਸਣ ਦੀ ਲੋੜ ਨਹੀਂ ਏ, ਆਮ ਬੰਦੇ ਦੀ ਤਾਂ ਆਪਣੀ ਖਰੀਦੀ ਜ਼ਮੀਨ ਦੇ ਕਾਗਜ਼ ਪੂਰੇ ਕਰਵਾਉਣ ਲਈ ਵੀ ਸਰਕਾਰੀ ਦਫ਼ਤਰਾਂ ਦੇ ਭ੍ਰਿਸ਼ਟ ਪ੍ਰਬੰਧ ‘ਚ ਚੀਕਾਂ ਨਿਕਲ ਜਾਂਦੀਆਂ ਨੇ। ਰਾਜਨੀਤਕ ਲੋਕਾਂ ਦੀ ਤੇ ਸਰਕਾਰ ਦੀ ਪੁਸ਼ਤਪਨਾਹੀ ਤੋਂ ਬਿਨਾਂ ਸਰਕਾਰੀ ਜ਼ਮੀਨ ਤੇ ਕਬਜਾ ਕਰਨਾ ਸੰਭਵ ਨਹੀਂ ਏ। ਪੰਜਾਬ ਦੇ ਲਗਭਗ ਹਰੇਕ ਪਿੰਡ ‘ਚ ਪਤਾ ਈ ਨ੍ਹੀਂ ਕਿੰਨੇ ਈ ਸਾਲਾਂ ਤੋਂ ਆਪਣੀ ਰਾਜਨੀਤਕ ਤਾਕਤ ਰਾਹੀਂ ਧੱਕੜ ਤੇ ਤਾਕਤਵਰ ਲੋਕਾਂ ਵੱਲੋਂ ਸਰਕਾਰੀ ਜ਼ਮੀਨਾਂ ਨੱਪ ਕੇ, ਉਸੇ ਦੀ ਕਮਾਈ ਨਾਲ ਆਪਣੇ ਆਲੀਸ਼ਾਨ ਮਹਿਲ ਉਸਾਰੇ ਹੋਏ ਨੇ।
ਭਗਵੰਤ ਮਾਨ ਜੀ, ਇਹ ਪੰਜਾਬ ਨੂੰ ਸਿਉਂਕ ਵਾਂਗ ਚੱਟਣ ਵਾਲੀ ਵਿਸ਼ੇਸ਼ ਪ੍ਰਜਾਤੀ ਪਿੰਡਾ ਤੱਕ ਈ ਸੀਮਤ ਨਹੀਂ ਏ। ਹਰੇਕ ਸ਼ਹਿਰ ‘ਚ ਅਰਬਾਂ ਰੁਪਏ ਦੀ ਸਰਕਾਰੀ ਜਾਇਦਾਦ, ਇਹਨਾਂ ਡਾਂਗ ਦੇ ਜੋਰ ਨਾਲ ਨੱਪ ਰੱਖੀ ਏ। ਸ਼ਹਿਰਾਂ ਦੀਆਂ ਸਭ ਤੋਂ ਮੌਕੇ ਦੀਆਂ ਥਾਂਵਾਂ ਤੇ ਧੱਕੇ ਨਾਲ ਵਿਰਾਜਮਾਨ ਹੋ ਕੇ ਇਸ ਸਿਉਂਕ ਨੇ ਸਰਕਾਰੀ ਖਜ਼ਾਨੇ ਨੂੰ ਵੱਡਾ ਖੌਰਾ ਲਾਇਆ ਏ। ਇਹਨਾਂ ਲੋਕਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜੇ ਕਰਕੇ ਬਹੁਮੰਜਿਲੀ ਇਮਾਰਤਾਂ ਖੜੀਆਂ ਕਰ ਵੱਡੇ ਹੋਟਲ, ਸ਼ੋ ਰੂਮ ਤੇ ਆਪਣੇ ਹੋਰ ਵਪਾਰ ਚਲਾ ਰੱਖੇ ਨੇ। ਇਸ ਕਰਕੇ ਪਿੰਡਾਂ ਦੇ ਨਾਲ-ਨਾਲ ਬੁਲਡੋਜ਼ਰ ਦਾ ਮੂੰਹ ਸ਼ਹਿਰਾਂ ਵੱਲ ਵੀ ਘੁਮਾਉਣਾ ਬੇਹੱਦ ਜਰੂਰੀ ਏ। ਇਸ ਗੋਰਖਧੰਦੇ ਵਿੱਚ ਸਿਰਫ ਰਾਜਨੀਤਕ ਲੋਕ ਈ ਨਹੀਂ, ਕੁੱਝ ਭ੍ਰਿਸ਼ਟ ਸਰਕਾਰੀ ਅਫ਼ਸਰ ਵੀ ਮਲਾਈ ਛੱਕ ਰਹੇ ਹਨ। ਦਰਅਸਲ ਇਹ ਕਬਜੇ ਜਿੰਨਾਂ ਵੀ ਲੋਕਾਂ ਵੱਲੋਂ ਕੀਤੇ ਹੋਏ ਨੇ, ਉਹ ਸਾਰੇ ਈ ਆਪਣੇ ਇਲਾਕੇ ਦੀਆਂ ਅਜਿਹੀਆਂ ਸ਼ਖਸੀਅਤਾਂ ਨੇ ਜਿੰਨਾਂ ਖਿਲਾਫ ਬੋਲਣ ਲੱਗਿਆਂ ਆਮ ਬੰਦੇ ਦੀਆਂ ਈ ਨਹੀਂ, ਕਹਿੰਦੇ-ਕਹਾਉਂਦਿਆਂ ਦੀਆਂ ਵੀ ਲੱਤਾਂ ਭਾਰ ਨ੍ਹੀਂ ਝੱਲਦੀਆਂ। ਹਾਲਾਂਕਿ ਕੁੱਝ ਕੁ ਰਾਜਨੀਤਕ ਵਿਰੋਧੀ, ਇਸਨੂੰ ਸਰਕਾਰ ਦੀ ਬਦਲਾਖੋਰੀ ਦੀ ਕਾਰਵਾਈ ਆਖਦਿਆਂ ਅਸਿੱਧੇ ਢੰਗ ਨਾਲ ਇੰਨਾਂ ਭ੍ਰਿਸ਼ਟ ਲੋਕਾਂ ਦੇ ਨਾਲ ਖੜ੍ਹ ਕੇ ਵਿਰੋਧ ਲਈ ਵਿਰੋਧ ਕਰਨ ਦਾ ਕਾਰਜ ਨੇਪਰੇ ਚਾੜ੍ਹਨ ਵਿੱਚ ਮਸ਼ਗੂਲ ਨੇ। ਭਗਵੰਤ ਮਾਨ ਜੀ ਤੇ ਕੁਲਦੀਪ ਧਾਲੀਵਾਲ ਜੀ, ਤੁਸੀਂ ਬੇਹਤਰੀਨ ਕੰਮ ਕਰ ਰਹੇ ਹੋ, ਤੁਸੀਂ ਵਧਾਈ ਦੇ ਪਾਤਰ ਓ, ਬਸ ਥੋੜੀ ਜਿਹੀ ਇਸ਼ਤਿਹਾਰਬਾਜੀ ਘੱਟ ਕਰਦਿਆਂ, ਨਿਰਪੱਖ ਹੋ ਕੇ, ਧੱਕ ਦਿਓ ਬੁਲਡੋਜ਼ਰ, ਪੂਰਾ ਪੰਜਾਬ ਤੁਹਾਡੇ ਨਾਲ ਖੜਾ ਏ, ਤੁਹਾਡਾ ਆਗਾਜ ਸ਼ਾਨਦਾਰ ਏ, ਆਸ ਏ, ਅੰਜਾਮ ਵੀ ਸ਼ਾਨਦਾਰ ਰਹੇਗਾ।
ਅਸ਼ੋਕ ਸੋਨੀ, ਕਾਲਮਨਵੀਸ
ਪਿੰਡ ਖੂਈ ਖੇੜਾ, ਫਾਜ਼ਿਲਕਾ
9872705078