ਦਿੱਲੀ ਸ਼ਰਾਬ ਘੁਟਾਲਾ ਕੇਸ : “ਜੱਜ ਸਾਹਬ” ਦਿੱਲੀ ਦਾ ਮੁੱਖ ਮੰਤਰੀ ਹੀ ਸ਼ਰਾਬ ਘੁਟਾਲੇ ਦਾ ਕਿੰਗਪਿਨ ਹੈ।” – ਸੀਬੀਆਈ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦਾ ਕੀਤਾ ਵਿਰੋਧ
ਨਵੀਂ-ਦਿੱਲੀ/SANGHOL-TIMES/23 ਅਗਸਤ,2024(ਮਲਕੀਤ ਸਿੰਘ ਭਾਮੀਆਂ) – ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲਾ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਇਸ ਤੋਂ ਪਹਿਲਾਂ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਅਪਣਾ ਜਵਾਬੀ ਹਲਫਨਾਮਾ ਦਾਇਰ ਕੀਤਾ ਸੀ। ਸੀਬੀਆਈ ਨੇ ਅਪਣੇ ਹਲਫਨਾਮੇ ਵਿੱਚ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਜੱਜ ਨੂੰ ਉਨ੍ਹਾਂ ਨੂੰ ਜ਼ਮਾਨਤ ਨਹੀਂ ਦੇਣੀ ਚਾਹੀਦੀ ਹੈ। ਦਿੱਲੀ ਦਾ ਮੁੱਖ ਮੰਤਰੀ ਹੀ ਸ਼ਰਾਬ ਘੁਟਾਲੇ ਦਾ ਮੁੱਖ ਸਰਗਨਾ ਹੈ। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਉਜੱਲ ਭੂਈਆਂ ਦੀ ਬੈਂਚ ਨੇ ਅੱਜ ਸੁਪਰੀਮ ਕੋਰਟ ‘ਚ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸੀਬੀਆਈ ਨੇ ਕਿਹਾ ਕਿ ਇਕ ਮਾਮਲੇ ਵਿੱਚ ਅਸੀਂ ਜੁਵਾਬ ਦਾਖਲ ਕਰ ਦਿੱਤਾ ਹੈ, ਦੂਜੇ ਲਈ ਸਮਾਂ ਚਾਹੀਦਾ ਹੈ। ਹਾਲਾਂਕਿ ਸਿੰਘਵੀ ਨੇ ਇਸ ਦਾ ਵਿਰੋਧ ਕੀਤਾ। ਪਰ ਸੁਪਰੀਮ ਕੋਰਟ ਨੇ ਸਿੰਘਵੀ ਦੀ ਗੱਲ ਨਹੀਂ ਸੁਣੀ ਅਤੇ ਸੀਬੀਆਈ ਨੂੰ ਸਮਾਂ ਦਿੱਤਾ।
ਹੁਣ ਇਸ ਮਾਮਲੇ ਦੀ ਸੁਣਵਾਈ 5 ਸਤੰਬਰ ਨੂੰ ਹੋਵੇਗੀ। ਦਰਅਸਲ ਸੁਣਵਾਈ ਤੋਂ ਪਹਿਲਾਂ ਸੀਬੀਆਈ ਨੇ ਅਪਣੇ ਹਲਫਨਾਮੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ। ਸੀਬੀਆਈ ਨੇ ਅਪਣੇ ਜਵਾਬ ਵਿੱਚ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇਸ ਘੁਟਾਲੇ ਦਾ ਸਰਗਨਾ ਹੈ। ਆਬਕਾਰੀ ਵਿਭਾਗ ਦਾ ਮੰਤਰੀ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਸਮੁੱਚੇ ਸ਼ਰਾਬ ਘੁਟਾਲੇ ਦਾ ਸਿਰਜਣਹਾਰ ਹੈ। ਉਹ ਇਸ ਘੁਟਾਲੇ ਬਾਰੇ ਸੱਭ ਕੁੱਝ ਜਾਣਦਾ ਸੀ ਕਿਉਂਕਿ ਸਾਰੇ ਫੈਸਲੇ ਉਸ ਦੀ ਸਹਿਮਤੀ ਅਤੇ ਨਿਰਦੇਸ਼ ਨਾਲ ਲਏ ਗਏ ਸਨ। ਅਰਵਿੰਦ ਕੇਜਰੀਵਾਲ ਜਾਂਚ ਏਜੰਸੀ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਹੀਂ ਦੇ ਰਹੇ ਹਨ। ਸੀਬੀਆਈ ਨੇ ਅੱਗੇ ਕਿਹਾ ਕਿ ਉਹ ਅਦਾਲਤ ਦੇ ਸਾਹਮਣੇ ਮਾਮਲੇ ਨੂੰ ਸਿਆਸੀ ਤੌਰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਹਾਈਕੋਰਟ ਨੇ ਕਿਹਾ ਸੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਪਟੀਸ਼ਨ ਕਰਤਾ ਦੀ ਗ੍ਰਿਫਤਾਰੀ ਬਿੰਨਾਂ ਕਿਸੇ ਕਾਰਨ ਦੇ ਸੀ ਜਾਂ ਗੈਰ ਕਾਨੂੰਨੀ ਸੀ। ਹਾਈਕੋਰਟ ਨੇ ਅਪਣੇ ਹੁਕਮ ਵਿੱਚ ਹੇਠਲੀ ਅਦਾਲਤ ਵਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ‘ਤੇ ਹਿਰਾਸਤ ਵਿੱਚ ਭੇਜਣ ਦੀ ਦਿੱਤੀ ਇਜਾਜ਼ਤ ਨੂੰ ਜਾਇਜ ਠਹਿਰਾਇਆ ਸੀ, ਜਿਸ ਲਈ ਵਿਧੀ ਅਨੁਸਾਰ ਕਾਰਵਾਈ ਕੀਤੀ ਗਈ ਸੀ।
