ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਅਕਤੂਬਰ ਮਹੀਨੇ ਵਿੱਚ ਕਰਵਾਈ ਜਾਵੇਗੀ ਦੂਸਰੀ ਯੂਰਪੀ ਪੰਜਾਬੀ ਕਾਨਫਰੰਸ
SangholTimes/07.07.2022/ਇਟਲੀ (ਬਰੇਸ਼ੀਆ) – ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬ ਭਵਨ ਸਰੀ ਕਨੇਡਾ ਨਾਲ ਮਿਲ ਕੇ ਅਕਤੂਬਰ ਮਹੀਨੇ ਵਿੱਚ ਦੂਸਰੀ ਯੂਰਪੀ ਪੰਜਾਬੀ ਕਾਨਫਰੰਸ ਕਰਵਾਉਣ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਖਬਰ ਸਭਾ ਵੱਲੋਂ ਬਰੇਸ਼ੀਆ ਵਿੱਚ ਕੀਤੀ ਗਈ ਮੀਟਿੰਗ ਤੋਂ ਬਾਅਦ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਇਟਲੀ ਦੀ ਧਰਤੀ ਉੱਪਰ ਪੰਜਾਬੀ ਬੋਲੀ ਦੀ ਉੱਨਤੀ ਅਤੇ ਪ੍ਰਸਾਰ ਹਿੱਤ ਦੂਸਰੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਜਿੱਥੇ ਇਟਲੀ ਦੇ ਲੇਖਕ, ਕਵੀ ਅਤੇ ਬੁੱਧੀਜੀਵੀ ਭਾਗ ਲੈਣਗੇ। ਉੱਥੇ ਯੂਰਪ ਦੇ ਕਈ ਦੇਸ਼ਾਂ ਤੋਂ ਵੀ ਵੱਖ ਵੱਖ ਸਖਸ਼ੀਅਤਾਂ ਹਿੱਸਾ ਲੈਣਗੀਆ। ਇਹ ਵੀ ਜਿ਼ਕਰਯੋਗ ਹੈ ਪੰਜਾਬ ਭਵਨ ਸਰੀ ਕਨੇਡਾ ਦਾ ਇਸ ਕਾਨਫਰੰਸ ਵਿੱਚ ਸਹਿਯੋਗ ਅਤੇ ਸ਼ਮੂਲੀਅਤ ਹੋਵੇਗੀ ਅਤੇ ਸੁੱਖੀ ਬਾਠ ਵਿਸੇ਼ਸ਼ ਵਫਦ ਨਾਲ ਸ਼ਾਮਲ ਹੋਣਗੇ। ਇਸ ਕਾਨਫਰੰਸ ਵਿੱਚ ਪੰਜਾਬੀ ਬੋਲੀ ਨਾਲ ਸੰਬੰਧਤ ਵੱਖ ਵੱਖ ਵਿਸਿ਼ਆਂ ਨੂੰ ਵਿਚਾਰਿਆ ਜਾਵੇਗਾ। ਜਿਹਨਾਂ ਵਿੱਚ ਪੰਜਾਬੀ ਬੋਲੀ ਅਤੇ ਇਸਦਾ ਪ੍ਰਸਾਰ, ਯੂਰਪ ਵਿੱਚ ਪੰਜਾਬੀ ਸਾਹਿਤ ਨਾਲ ਸੰਬੰਧਤ ਸੰਭਾਵਨਾਵਾਂ, ਤਕਨੀਕੀ ਯੁੱਗ ਵਿੱਚ ਆ ਰਹੀ ਤਬਦੀਲੀ ਤੇ ਇਸਦੇ ਬਦਲ ਆਦਿ ਵਿਸਿ਼ਆਂ ਤੋਂ ਇਲਾਵਾ ਹੋਰ ਵੀ ਕਈ ਪੱਖ ਵਿਚਾਰੇ ਜਾਣਗੇ। ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਇਸ ਮੀਟਿੰਗ ਦੌਰਾਨ ਰਾਜੂ ਹਠੂਰੀਆ, ਦਲਜਿੰਦਰ ਰਹਿਲ, ਬਿੰਦਰ ਕੋਲੀਆਂਵਾਲ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੋ ਜਸਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ ਢਿੱਲੋਂ, ਪਰੇਮਪਾਲ ਸਿੰਘ, ਪਲਵਿੰਦਰ ਸਿੰਘ ਪਿੰਦਾ, ਜਸਕਰਨ ਸਿੰਘ ਤੇ ਹਰਦੀਪ ਕੰਗ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।